ਨਵੀਂ ਦਿੱਲੀ, 9 ਜਨਵਰੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਤਾਲਾਬੰਦੀ ਕਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ ਅਤੇ ਜੇਕਰ ਲੋਕ ਮਾਸਕ ਪਹਿਨਣ ਦੇ ਨਿਯਮ ਦਾ ਪਾਲਣ ਕਰਦੇ ਹਨ, ਤਾਂ ਤਾਲਾਬੰਦੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਐਤਵਾਰ ਨੂੰ 24 ਘੰਟੇ ਵਿਚ ਕੋਵਿਡ ਦੇ 22000 ਮਾਮਲੇ ਦਰਜ ਹੋਣ ਦੀ ਆਸ ਹੈ। ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ। ਉਨ੍ਹਾਂ ਡਿਜੀਟਲ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ, ‘‘ਕੋਵਿਡ-19 ਦੇ ਮਾਮਲਿਆਂ ਦਾ ਵਧਣਾ ਚਿੰਤਾ ਵਾਲੀ ਗੱਲ ਹੈ ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਬਹੁਤ ਘੱਟ ਲੋਕ ਹਸਪਤਾਲ ਵਿਚ ਭਰਤੀ ਹੋ ਰਹੇ ਹਨ। ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਮਾਸਕ ਪਹਿਨਣਾ ਜਾਰੀ ਰੱਖੋਗੇ ਤਾਂ ਤਾਲਾਬੰਦੀ ਨਹੀਂ ਹੋਵੇਗੀ। ਸਾਡੀ ਕੋਸ਼ਿਸ਼ ਘੱਟ ਤੋਂ ਘੱਟ ਪਾਬੰਦੀਆਂ ਲਗਾਉਣ ਦੀ ਹੈ ਤਾਂ ਜੋ ਲੋਕਾਂ ਦਾ ਰੁਜ਼ਗਾਰ ਪ੍ਰਭਾਵਿਤ ਨਾ ਹੋਵੇ।’’ -ਪੀਟੀਆਈ