ਮੁੰਬਈ, 20 ਨਵੰਬਰ
ਬੌਂਬੇ ਹਾਈ ਕੋਰਟ ਨੇ ਮੁੰਬਈ ਦੇ ਕਰੂਜ਼ ਬੇੜੇ ’ਚ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਬਰਾਮਦ ਹੋਣ ਦੇ ਮਾਮਲੇ ’ਚ ਫਿਲਮ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਤੇ ਦੋ ਹੋਰਨਾਂ ਨੂੰ ਜ਼ਮਾਨਤ ਦੇਣ ਸਬੰਧੀ ਆਪਣੇ ਹੁਕਮ ’ਚ ਕਿਹਾ ਹੈ ਕਿ ਪਹਿਲੀ ਨਜ਼ਰ ’ਚ ਅਦਾਲਤ ਨੂੰ ਮੁਲਾਜ਼ਮਾਂ ਖ਼ਿਲਾਫ਼ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਹੈ ਜੋ ਇਹ ਦਰਸਾਉਂਦਾ ਹੋਵੇ ਕਿ ਮੁਲਜ਼ਮਾਂ ਨੇ ਅਪਰਾਧਿਕ ਸਾਜ਼ਿਸ਼ ਰਚੀ ਸੀ। ਜਸਟਿਸ ਐੱਨ ਡਬਲਿਊ ਸਾਂਬਰੇ ਦੇ ਸਿੰਗਲ ਬੈਂਚ ਨੇ 28 ਅਕਤੂਬਰ ਨੂੰ ਆਰੀਅਨ ਖਾਨ, ਉਸ ਦੇ ਦੋਸਤ ਅਰਬਾਜ਼ ਮਰਚੈਂਟ ਤੇ ਮਾਡਲ ਮੁਨਮੁਨ ਧਮੇਚਾ ਨੂੰ ਇੱਕ ਲੱਖ ਰੁਪਏ ਦੇ ਮੁਚਲਕੇ ’ਤੇ ਜ਼ਮਾਨਤ ਦਿੱਤੀ ਸੀ। ਇਸ ਸਬੰਧੀ ਹੁਕਮਾਂ ਦੀ ਕਾਪੀ ਅੱਜ ਮੁਹੱਈਆ ਕਰਵਾਈ ਗਈ ਹੈ।
ਅਦਾਲਤ ਨੇ ਕਿਹਾ ਕਿ ਆਰੀਅਨ ਖਾਨ ਦੇ ਮੋਬਾਈਲ ਫੋਨ ਤੋਂ ਲਈ ਗਈ ਵੱਟਸਐਪ ਚੈਟ ਤੋਂ ਪਤਾ ਲੱਗਦਾ ਹੈ ਕਿ ਅਜਿਹਾ ਕੁਝ ਵੀ ਇਤਰਾਜ਼ਯੋਗ ਨਹੀਂ ਪਾਇਆ ਗਿਆ ਜੋ ਦਰਸਾਉਂਦਾ ਹੋਵੇ ਉਸ ਨੇ, ਮਰਚੈਂਟ ਤੇ ਧਮੇਚਾ ਅਤੇ ਮਾਮਲੇ ਦੇ ਹੋਰਨਾਂ ਮੁਲਜ਼ਮਾਂ ਨੇ ਅਪਰਾਧ ਕਰਨ ਦੀ ਸਾਜ਼ਿਸ਼ ਰਚੀ ਹੋਵੇ। ਹੁਕਮਾਂ ’ਚ ਕਿਹਾ ਗਿਆ ਹੈ ਕਿ ਐੱਨਡੀਪੀਐੱਸ ਐਕਟ ਦੀ ਧਾਰਾ 67 ਤਹਿਤ ਐੱਨਸੀਬੀ ਨੇ ਆਰੀਅਨ ਖਾਨ ਦਾ ਜੋ ਬਿਆਨ ਦਰਜ ਕੀਤਾ ਹੈ, ਉਸ ’ਤੇ ਸਿਰਫ਼ ਜਾਂਚ ਦੇ ਮਕਸਦ ਨਾਲ ਗੌਰ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਵਰਤੋਂ ਨਤੀਜਾ ਕੱਢਣ ਲਈ ਹਥਿਆਰ ਵਜੋਂ ਨਹੀਂ ਕੀਤੀ ਜਾ ਸਕਦੀ। -ਪੀਟੀਆਈ