ਨਵੀਂ ਦਿੱਲੀ, 11 ਅਕਤੂਬਰ
ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਵਿਚ ਕੋਵਿਡ-19 ਟੀਕੇ ਦੀ ਐਮਰਜੰਸੀ ਵਰਤੋਂ ਦੀ ਮਨਜ਼ੂਰੀ ’ਤੇ ਸਰਕਾਰ ਨੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਹੈ। ਮੰਤਰੀ ਨੇ ਕਿਹਾ ਕਿ ‘ਸਰਸ ਕੋਵ -2’ ਦਾ ਪਤਾ ਲਗਾਉਣ ਲਈ ‘ਫੇਲੁਡਾ ਪੇਪਰ ਸਟ੍ਰਿਪ’ ਦੀ ਜਾਂਚ ਅਗਲੇ ਕੁਝ ਹਫ਼ਤਿਆਂ ਵਿੱਚ ਸ਼ੁਰੂ ਕੀਤੀ ਜਾ ਸਕਦੀ ਹੈ। ਹਰਸ਼ ਵਰਧਨ ਨੇ ਕਿਹਾ ਕਿ ਇਸ ਸਮੇਂ ਕੋਵਿਡ -19 ਟੀਕਾ ਪਹਿਲੇ, ਦੂਜੇ ਅਤੇ ਤੀਜੇ ਟਰਾਇਲਾਂ ਦੇ ਵੱਖ ਵੱਖ ਪੜਾਵਾਂ ਵਿੱਚ ਹੈ ਤੇ ਨਤੀਜਿਆਂ ਦਾ ਇੰਤਜ਼ਾਰ ਹੈ। ਸਿਹਤ ਮੰਤਰੀ ‘ਐਤਵਾਰ ਸੰਵਾਦ’ ਪਲੇਟਫਾਰਮ ‘ਤੇ ਸੋਸ਼ਲ ਮੀਡੀਆ ਦੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ,”ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟੀਕੇ ਦੀ ਐਮਰਜੰਸੀ ਵਰਤੋਂ ਦੀ ਆਗਿਆ ਦੇਣ ਲਈ ਲੋੜੀਂਦੀ ਸੁਰੱਖਿਆ ਅਤੇ ਅਸਰਦਾਰ ਅੰਕੜਿਆਂ ਦੀ ਜ਼ਰੂਰਤ ਹੋਏਗੀ ਤੇ ਇਹ ਸਭ ਡਾਟਾ ‘ਤੇ ਨਿਰਭਰ ਕਰੇਗਾ।”