ਮੁੰਬਈ, 7 ਜੂਨ
ਭਾਜਪਾ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਬਾਰੇ ਹਾਲ ਹੀ ਵਿੱਚ ਕੀਤੀ ਗਈ ਵਿਵਾਦਤ ਟਿੱਪਣੀ ਦੀ ਕੌਮਾਂਤਰੀ ਪੱਧਰ ’ਤੇ ਨਿੰਦਾ ਹੋ ਰਹੀ ਹੈ। ਇਸੇ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਨੂਪੁਰ ਸ਼ਰਮਾ ਦੇ ਬਿਆਨ ਦਾ ਸਮਰਥਨ ਕਰਦਿਆਂ ਕਿਹਾ ਕਿ ਉਸ ਨੂੰ ‘ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ।’ ਪੈਗੰਬਰ ਮੁਹੰਮਦ ਬਾਰੇ ਅਪਮਾਨਜਨਕ ਟਿੱਪਣੀ ਦਾ ਮੁਸਲਿਮ ਦੇਸ਼ਾਂ ਨੇ ਵੱਡੇ ਪੱਧਰ ’ਤੇ ਵਿਰੋਧ ਕੀਤਾ ਹੈ ਜਿਸ ਕਾਰਨ ਭਾਜਪਾ ਨੇ ਐਤਵਾਰ ਨੂੰ ਨੂਪੁਰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਸੀ। ਇਸੇ ਦੌਰਾਨ ਕੰਗਨਾ ਰਣੌਤ ਨੇ ਨੂਪੁਰ ਸ਼ਰਮਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ 10 ਦਿਨ ਪਹਿਲਾਂ ਟੀਵੀ ’ਤੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਜੇਕਰ ਲੋਕ ਨਰਾਜ਼ ਹਨ ਤਾਂ ਕਾਨੂੰਨੀ ਰਸਤਾ ਅਪਣਾਇਆ ਜਾ ਸਕਦਾ ਹੈ। ਰਣੌਤ ਨੇ ਆਪਣੇ ਇੰਸਟਗ੍ਰਾਮ ਅਕਾਊਂਟ ’ਤੇ ਲਿਖਿਆ ‘ਇਹ ਅਫਗਾਨਿਸਤਾਨ ਨਹੀਂ ਹੈ। ਜੋ ਲੋਕ ਭੁੱਲ ਗਏ ਹਨ ਉਨ੍ਹਾਂ ਨੂੰ ਯਾਦ ਕਰਾ ਦਿਆਂ ਕਿ ਸਾਡੇ ਕੋਲ ਚੰਗੀ ਸਰਕਾਰ ਹੈ, ਜਿਸ ਨੂੰ ਲੋਕਤੰਤਰ ਵਿਵਸਥਾ ਰਾਹੀਂ ਚੁਣਿਆ ਗਿਆ ਹੈ।’ -ਪੀਟੀਆਈ