ਪਟਨਾ/ਅਰਵਾਲ/ਨੋਖਾ, 26 ਅਕਤੂਬਰ
ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਚਿਰਾਗ ਪਾਸਵਾਨ ਨੇ ਨਿਤੀਸ਼ ਕੁਮਾਰ ਦੀ ‘ਸਾਤ ਨਿਸ਼ਚਯ’ ਯੋਜਨਾ ’ਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾਊਂਦਿਆਂ ਕਿਹਾ ਕਿ ਜੇਕਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਊਨ੍ਹਾਂ ਦੀ ਪਾਰਟੀ ਸੱਤਾ ’ਚ ਆਈ ਤਾਂ ਊਹ ਇਸ ਦੀ ਜਾਂਚ ਕਰਵਾਊਣਗੇ ਅਤੇ ਦੋਸ਼ੀ ਪਾਏ ਜਾਣ ’ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਮੇਤ ਹੋਰਾਂ ਨੂੰ ਜੇਲ੍ਹ ਭੇਜਣਗੇ। ਚਿਰਾਗ ਨੇ ਨਿਤੀਸ਼ ’ਤੇ ਇਹ ਵੀ ਦੋਸ਼ ਲਾਇਆ ਕਿ ਸੂਬੇ ’ਚ ਸ਼ਰਾਬ ’ਤੇ ਪਾਬੰਦੀ ਦੌਰਾਨ ਇਸ ਦੀ ਤਸਕਰੀ ਰਾਹੀਂ ਊਨ੍ਹਾਂ ਲਾਹਾ ਲਿਆ। ਨਿਤੀਸ਼ ਕੁਮਾਰ ਖਿਲਾਫ਼ ਆਪਣੇ ਹਮਲੇ ਜਾਰੀ ਰਖਦਿਆਂ ਐੱਲਜੇਪੀ ਮੁਖੀ ਨੇ ਕਿਹਾ ਕਿ ਮੁੱਖ ਮੰਤਰੀ ਸ਼ਰਾਬ ’ਤੇ ਪਾਬੰਦੀ ਲਗਾ ਕੇ ਖੁਦ ਹੀ ਨਸ਼ੇ ਦੀ ਤਸਕਰੀ ਨੂੰ ਊਤਸ਼ਾਹਿਤ ਕਰ ਰਹੇ ਹਨ। ਰੋਹਤਾਸ ਜ਼ਿਲ੍ਹੇ ਦੇ ਨੋਖਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਊਸ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਝੂਠ ਬੋਲਿਆ ਕਿ ਊਨ੍ਹਾਂ ਸੂਬੇ ’ਚ ਹਰ ਥਾਂ ਡਰੇਨੇਜ, ਸੜਕਾਂ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਹੈ। ਇਸ ਦੌਰਾਨ ਜਨਤਾ ਦਲ (ਯੂ) ਦੇ ਸੂਬਾ ਪ੍ਰਧਾਨ ਬਸ਼ਿਸ਼ਠ ਨਾਰਾਇਣ ਸਿੰਘ ਨੇ ਦੋਸ਼ ਲਾਇਆ ਕਿ ਚਿਰਾਗ ਦੀ ਆਰਜੇਡੀ ਆਗੂ ਤੇਜਸਵੀ ਯਾਦਵ ਨਾਲ ਗੰਢਤੁੱਪ ਹੈ। ਹਿੰਦੁਸਤਾਨ ਅਵਾਮ ਮੋਰਚਾ ਦੇ ਜਨਰਲ ਸਕੱਤਰ ਦਾਨਿਸ਼ ਰਿਜ਼ਵਾਨ ਨੇ ਟਵੀਟ ਕਰਕੇ ਕਿਹਾ ਕਿ ਚਿਰਾਗ ‘ਵਿਦੇਸ਼ੀ ਚਿੜੀ’ ਹੈ ਜੋ ਚੋਣਾਂ ਦੌਰਾਨ ਹੀ ਬਿਹਾਰ ’ਚ ਨਜ਼ਰ ਆਊਂਦੀ ਹੈ। -ਪੀਟੀਆਈ
ਨੱਢਾ ਨੇ ਚਿਰਾਗ ’ਤੇ ਸੇਧਿਆ ਨਿਸ਼ਾਨਾ
ਔਰੰਗਾਬਾਦ: ਭਾਜਪਾ ਮੁਖੀ ਜੇ ਪੀ ਨੱਢਾ ਨੇ ਬਿਹਾਰ ਦੇ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਹੈ ਕਿ ਕੁਝ ਆਗੂ ਐੱਨਡੀਏ ਨੂੰ ਢਾਹ ਲਾਊਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਊਨ੍ਹਾਂ ਦਾ ਸਿੱਧਾ ਇਸ਼ਾਰਾ ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਚਿਰਾਗ ਪਾਸਵਾਨ ਵੱਲ ਸੀ। ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਨੱਢਾ ਨੇ ਕਿਹਾ,‘‘ਕੁਝ ਲੋਕ ਚੋਣਾਂ ਦੌਰਾਨ ਸਾਜ਼ਿਸ਼ਾਂ ਘੜ ਰਹੇ ਹਨ। ਇਕ ਪਾਸੇ ਊਹ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਆਲੋਚਨਾ ਕਰਦੇ ਹਨ ਤਾਂ ਦੂਜੇ ਪਾਸੇ ਊਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਊਂਦੇ ਹਨ।’’ ਊਨ੍ਹਾਂ ਕਿਹਾ ਕਿ ਐੱਨਡੀਏ ’ਚ ਸਿਰਫ਼ ਭਾਜਪਾ, ਜਨਤਾ ਦਲ (ਯੂ), ਵੀਆਈਪੀ ਅਤੇ ਐੱਚਏਐੱਮ ਹਨ। ਆਰਜੇਡੀ ’ਤੇ ਵਰ੍ਹਦਿਆਂ ਊਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਪੂਰੇ ਸੂਬੇ ’ਚ ਅਰਾਜਕਤਾ ਮਚਾ ਕੇ ਰੱਖੀ ਹੋਈ ਸੀ ਅਤੇ ਹੁਣ ਵੀ ਲੋਕ ਊਸ ਨੂੰ ਵੋਟਾਂ ਨਹੀਂ ਪਾਊਣਗੇ। -ਪੀਟੀਆਈ