ਪਟਨਾ, 1 ਨਵੰਬਰ
ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਅੱਜ ਦਾਅਵਾ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਇਨ੍ਹਾਂ ਚੋਣਾਂ ਦਾ ਨਤੀਜਾ ਆਉਣ ਮਗਰੋਂ ਭਾਜਪਾ ਨੂੰ ਛੱਡ ਕੇ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੀ ਅਗਵਾਈ ਹੇਠਲੇ ਮਹਾਗੱਠਜੋੜ ’ਚ ਸ਼ਾਮਲ ਹੋ ਜਾਣਗੇ ਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਐੱਨਡੀਏ ਨੂੰ ਚੁਣੌਤੀ ਦੇਣ ਦੀ ਇੱਕ ਹੋਰ ਕੋਸ਼ਿਸ਼ ਕਰਨਗੇ। ਬਿਹਾਰ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਫ਼ੈਸਲਾ ਕਰਨ ਵਾਲੇ ਚਿਰਾਗ ਪਾਸਵਾਨ ਨੂੰ ਇਨ੍ਹਾਂ ਤੋਂ ਬਾਅਦ ਨਿਤੀਸ਼ ਮੁੱਖ ਮੰਤਰੀ ਵਜੋਂ ਪ੍ਰਵਾਨ ਨਹੀਂ ਹਨ ਤੇ ਉਹ ਮੌਜੂਦਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੱਥ ਮਜ਼ਬੂਤ ਕਰਨ ਲਈ ਭਾਜਪਾ ਦੀ ਹਮਾਇਤ ਦਾ ਦਾਅਵਾ ਕਰਦੇ ਰਹੇ ਹਨ। ਉਨ੍ਹਾਂ ਅੱਜ ਕਿਹਾ, ‘ਨਿਤੀਸ਼ ਕੁਮਾਰ ਜੋ ਵਾਰ ਵਾਰ ਪਲਟੀ ਮਾਰਨ ਕਾਰਨ ‘ਪਲਟੂਰਾਮ’ ਵਜੋਂ ਜਾਂਦੇ ਜਾਂਦੇ ਹਨ, ਇਸ ਚੋਣ ਤੋਂ ਬਾਅਦ ਫਿਰ ਪਲਟੀ ਮਾਰ ਸਕਦੇ ਹਨ। ਉਹ ਲਾਲੂ ਪ੍ਰਸਾਦ ਯਾਦਵ ਨਾਲ ਲੰਮੀ ਸਿਆਸੀ ਲੜਾਈ ਤੋਂ ਬਾਅਦ ਬਿਹਾਰ ’ਚ ਸੱਤਾ ’ਚ ਆਏ ਸਨ ਤੇ ਕੁਝ ਸਾਲ ਬਾਅਦ ਪੁਰਾਣੇ ਸਹਿਯੋਗੀ ਭਾਜਪਾ ਨਾਲ ਤੋੜ ਵਿਛੋੜਾ ਕਰ ਲਿਆ ਤੇ ਆਪਣੇ ਕੱਟੜ ਵਿਰੋਧੀ ਨਾਲ ਗੱਠਜੋੜ ਕੀਤਾ।’ -ਪੀਟੀਆਈ