ਪਟਨਾ, 24 ਅਗਸਤ
ਮੁੱਖ ਅੰਸ਼
- ਨਿਤੀਸ਼ ਨੇ ਗ਼ੈਰ-ਭਾਜਪਾ ਧਿਰਾਂ ਨੂੰ ਇਕਜੁੱਟ ਹੋਣ ਦਾ ਦਿੱਤਾ ਸੱਦਾ
ਸੀਬੀਆਈ ਵੱਲੋਂ ਬਿਹਾਰ ’ਚ ਅੱਜ ਸਵੇਰੇ ਆਰਜੇਡੀ ਆਗੂਆਂ ਦੇ ਟਿਕਾਣਿਆਂ ’ਤੇ ਛਾਪੇ ਪੈਣ ਦੇ ਕੁੱਝ ਘੰਟਿਆਂ ਮਗਰੋਂ ਬਿਹਾਰ ’ਚ ਨਵੀਂ ਬਣੀ ਮਹਾਗਠਬੰਧਨ ਸਰਕਾਰ ਨੇ ਅੱਜ ਆਸਾਨੀ ਨਾਲ ਭਰੋਸੇ ਦਾ ਵੋਟ ਹਾਸਲ ਕਰ ਲਿਆ। ਉਧਰ ਭਾਜਪਾ ਵਿਧਾਇਕਾਂ ਨੇ ਸਦਨ ’ਚੋਂ ਵਾਕਆਊਟ ਕੀਤਾ। ਡਿਪਟੀ ਸਪੀਕਰ ਮਹੇਸ਼ਵਰ ਹਜ਼ਾਰੀ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਵਿਜੈ ਕੁਮਾਰ ਚੌਧਰੀ ਦੀ ਅਪੀਲ ’ਤੇ ਵਿਧਾਇਕਾਂ ਦੀ ਗਿਣਤੀ ਕਰਵਾਉਣ ਦੇ ਹੁਕਮ ਦਿੱਤੇ ਜਿਨ੍ਹਾਂ ਕਿਹਾ ਕਿ ਜ਼ੁਬਾਨੀ ਵੋਟਾਂ ’ਚ ਸਪੱਸ਼ਟ ਤੌਰ ’ਤੇ ਬਹੁਮਤ ਮਿਲ ਗਿਆ ਹੈ ਪਰ ਵਿਧਾਇਕਾਂ ਦੀ ਗਿਣਤੀ ਨਾਲ ਕੋਈ ਦੁਚਿੱਤੀ ਨਹੀਂ ਰਹੇਗੀ। ਭਰੋਸੇ ਦੇ ਮਤੇ ਦੇ ਪੱਖ ’ਚ 160 ਵਿਧਾਇਕਾਂ ਨੇ ਵੋਟ ਪਾਈ ਜਦਕਿ ਵਿਰੋਧ ’ਚ ਇਕ ਵੀ ਵੋਟ ਨਹੀਂ ਪਿਆ। ਏਆਈਐੱਮਆਈਐੱਮ ਦੇ ਇਕਲੌਤੇ ਵਿਧਾਇਕ ਅਖਤਰੁਲ ਇਮਾਮ, ਜਿਸ ਦੀ ਪਾਰਟੀ ਹੁਕਮਰਾਨ ਮਹਾਗਠਬੰਧਨ ’ਚ ਸ਼ਾਮਲ ਨਹੀਂ ਹੈ, ਨੇ ਮਤੇ ਦੇ ਪੱਖ ’ਚ ਵੋਟ ਪਾਈ। ਮੁੱਖ ਮੰਤਰੀ ਨਿਤੀਸ਼ ਕੁਮਾਰ ਜਦੋਂ ਭਾਸ਼ਨ ਦੇ ਰਹੇ ਸਨ ਤਾਂ ਭਾਜਪਾ ਵਿਧਾਇਕ ਸਦਨ ’ਚੋਂ ਵਾਕਆਊਟ ਕਰ ਗਏ। ਡਿਪਟੀ ਸਪੀਕਰ ਨੇ ਦੱਸਿਆ ਕਿ ਵੀਰਵਾਰ ਨੂੰ ਨਵੇਂ ਸਪੀਕਰ ਦੀ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਜਾਣਗੇ ਅਤੇ ਸ਼ੁੱਕਰਵਾਰ ਨੂੰ ਚੋਣ ਹੋਵੇਗੀ। ਭਾਜਪਾ ਦੇ ਵਿਜੈ ਕੁਮਾਰ ਸਿਨਹਾ ਵੱਲੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਸਪੀਕਰ ਦਾ ਅਹੁਦਾ ਖਾਲੀ ਹੋਇਆ ਹੈ। ਆਪਣੇ ਅੱਧੇ ਘੰਟੇ ਦੇ ਭਾਸ਼ਨ ਦੌਰਾਨ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਲਏ ਬਿਨਾਂ ਭਾਜਪਾ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਬਣਨ ਦੀ ਕੋਈ ਖ਼ਾਹਿਸ਼ ਨਹੀਂ ਰਖਦੇ ਹਨ ਪਰ ਉਹ ਚਾਹੁੰਦੇ ਹਨ ਕਿ 2024 ਦੀਆਂ ਲੋਕ ਸਭਾ ਚੋਣਾਂ ਲਈ ਗ਼ੈਰ-ਭਾਜਪਾਈ ਸਾਰੀਆਂ ਪਾਰਟੀਆਂ ਇਕਜੁੱਟ ਹੋਣ। ਜਨਤਾ ਦਲ (ਯੂ) ਆਗੂ ਨੇ ਭਾਜਪਾ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਚੇਤੇ ਕਰਦਿਆਂ ਅਟਲ ਬਿਹਾਰੀ ਵਾਜਪਾਈ, ਐੱਲ ਕੇ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੇ ਸਮੇਂ ਨੂੰ ਵਧੀਆ ਕਰਾਰ ਦਿੱਤਾ। ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਿਰਫ਼ ਪ੍ਰਚਾਰ ਪ੍ਰਸਾਰ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਭਾਜਪਾ ਵਿਧਾਇਕਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਨਿਤੀਸ਼ ਨੇ ਕਿਹਾ,‘‘ਤੁਸੀਂ ਮੇਰੇ ਖ਼ਿਲਾਫ਼ ਬੋਲੋ। ਹੋ ਸਕਦਾ ਹੈ ਕਿ ਤੁਹਾਨੂੰ ਇਸ ਨਾਲ ਆਪਣੇ ਸਿਆਸੀ ਆਗੂਆਂ ਤੋਂ ਕੁਝ ਇਨਾਮ ਮਿਲ ਜਾਵੇ।’’ ਉਨ੍ਹਾਂ ਕਿਹਾ ਕਿ ਭਾਜਪਾ ਸਮਾਜ ’ਚ ਮੁਸ਼ਕਲਾਂ ਖੜ੍ਹੀਆਂ ਕਰਦੀ ਹੈ ਅਤੇ ਵਿਰੋਧੀ ਧਿਰ ਦੇਸ਼ ਦੇ ਹਰ ਕੋਨੇ ’ਚ ਪਹੁੰਚ ਕੇ ਲੋਕਾਂ ਤੇ ਸਮਾਜ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਜਾਣੂ ਕਰਵਾਏਗੀ। ਉਨ੍ਹਾਂ ਕਿਹਾ,‘‘ਤੁਸੀਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬਾਰੇ ਗੱਲ ਕਰਦੇ ਹੋ। ਆਜ਼ਾਦੀ ਦੇ ਸੰਘਰਸ਼ ’ਚ ਤੁਸੀਂ ਕਿੱਥੇ ਸੀ? ਅਖੀਰ ’ਚ ਉਹ ਬਾਪੂ (ਮਹਾਤਮਾ ਗਾਂਧੀ) ਨੂੰ ਵੀ ਖ਼ਤਮ ਕਰ ਦੇਣਗੇ। ਜੇਕਰ ਹਰ ਕੋਈ ਇਕੱਠਾ ਹੋ ਗਿਆ ਤਾਂ ਕੋਈ ਵੀ ਉਨ੍ਹਾਂ ਨੂੰ ਨਹੀਂ ਪੁੱਛੇਗਾ।’’ -ਪੀਟੀਆਈ
ਰੇਲਵੇ ’ਚ ਨੌਕਰੀਆਂ ਦੇਣ ਬਦਲੇ ਜ਼ਮੀਨ ਘੁਟਾਲੇ ਦੇ ਸਬੰਧ ’ਚ ਛਾਪੇ
ਨਵੀਂ ਦਿੱਲੀ/ਪਟਨਾ: ਰੇਲਵੇ ’ਚ ਨੌਕਰੀਆਂ ਦੇ ਬਦਲੇ ਜ਼ਮੀਨ ਘੁਟਾਲੇ ਦੇ ਸਬੰਧ ’ਚ ਸੀਬੀਆਈ ਨੇ ਅੱਜ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਕਈ ਆਗੂਆਂ ਦੇ 25 ਟਿਕਾਣਿਆਂ ’ਤੇ ਛਾਪੇ ਮਾਰੇ। ਇਨ੍ਹਾਂ ’ਚ ਗੁਰੂਗ੍ਰਾਮ ਦਾ ਉਸਾਰੀ ਅਧੀਨ ਮਾਲ ਅਰਬਨ ਕਿਊਬਜ਼ ਵੀ ਸ਼ਾਮਲ ਹੈ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਸ ’ਚ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ ਕਥਿਤ ਹਿੱਸੇਦਾਰੀ ਵੀ ਹੈ। ਅਧਿਕਾਰੀਆਂ ਨੇ ਕਿਹਾ ਕਿ ਛਾਪੇ ਦਿੱਲੀ, ਗੁਰੂਗ੍ਰਾਮ, ਪਟਨਾ, ਮਧੂਬਨੀ ਅਤੇ ਕਟਿਹਾਰ ਸਮੇਤ ਹੋਰ ਥਾਵਾਂ ’ਤੇ ਮਾਰੇ ਗਏ ਹਨ। ਇਹ ਛਾਪੇ ਉਦੋਂ ਮਾਰੇ ਗਏ ਹਨ ਜਦੋਂ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਹਾਸਲ ਕਰਨਾ ਸੀ। ਨਿਤੀਸ਼ ਨੇ ਕੁਝ ਦਿਨ ਪਹਿਲਾਂ ਦਲ ਭਾਜਪਾ ਨਾਲੋਂ ਨਾਤਾ ਤੋੜ ਕੇ ਮਹਾਗਠਬੰਧਨ ਨਾਲ ਹੱਥ ਮਿਲਾ ਲਏ ਸਨ। ਇਹ ਘੁਟਾਲਾ ਲਾਲੂ ਪ੍ਰਸਾਦ ਦੇ ਰੇਲ ਮੰਤਰੀ ਰਹਿੰਦਿਆਂ ਹੋਇਆ ਸੀ। ਸੀਬੀਆਈ ਨੇ ਆਰਜੇਡੀ ਦੇ ਵਿਧਾਨ ਪਰਿਸ਼ਦ ਮੈਂਬਰ (ਐੱਮਐੱਲਸੀ) ਸੁਨੀਲ ਸਿੰਘ, ਰਾਜ ਸਭਾ ਮੈਂਬਰਾਂ ਅਸ਼ਫ਼ਾਕ ਕਰੀਮ ਤੇ ਫਯਾਜ਼ ਅਹਿਮਦ ਅਤੇ ਵਿਧਾਨ ਪਰਿਸ਼ਦ ਦੇ ਸਾਬਕਾ ਮੈਂਬਰ ਸੁਭੋਧ ਰਾਏ ਸਮੇਤ ਹੋਰ ਕਈ ਸੀਨੀਅਰ ਆਗੂਆਂ ਦੇ ਟਿਕਾਣਿਤਆਂ ’ਤੇ ਛਾਪੇ ਮਾਰੇ ਹਨ। ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਦੇ ਨੇੜੇ ਮੰਨੇ ਜਾਂਦੇ ਐੱਮਐੱਲਸੀ ਸੁਨੀਲ ਸਿੰਘ ਨੇ ਕਿਹਾ ਕਿ ਇਹ 100 ਫ਼ੀਸਦੀ ਬਦਲਾਖੋਰੀ ਦਾ ਮਾਮਲਾ ਹੈ। ‘ਇਹ ਲੋਕ ਸਥਾਨਕ ਪੁਲੀਸ ਨੂੰ ਦੱਸੇ ਬਿਨਾਂ ਮੇਰੇ ਘਰ ਅੰਦਰ ਦਾਖ਼ਲ ਹੋਏ ਹਨ। ਉਹ ਮੈਨੂੰ ਇਕ ਦਸਤਾਵੇਜ਼ ’ਤੇ ਦਸਤਖ਼ਤ ਕਰਨ ਲਈ ਆਖ ਰਹੇ ਹਨ।’ ਉਸ ਦੀ ਪਤਨੀ ਨੇ ਕਿਹਾ,‘‘ਮੇਰੇ ਪਤੀ ਨੂੰ ਵਫ਼ਾਦਾਰੀ ਦਿਖਾਉਣ ਲਈ ਨਿਸ਼ਾਨਾ ਬਣਾਇਆ ਗਿਆ ਹੈ। ਸੀਬੀਆਈ ਨੂੰ ਸਾਡੇ ਘਰੋਂ ਕੁਝ ਨਹੀਂ ਮਿਲੇਗਾ। ਮੈਂ ਏਜੰਸੀ ’ਤੇ ਮਾਣਹਾਨੀ ਦਾ ਕੇਸ ਕਰਾਂਗੀ।’’ ਸਾਬਕਾ ਮੁੱਖ ਮੰਤਰੀ ਅਤੇ ਆਰਜੇਡੀ ਆਗੂ ਰਾਬੜੀ ਦੇਵੀ ਨੇ ਕਿਹਾ ਕਿ ਲੋਕ ਦੇਖ ਅਤੇ ਸਮਝ ਰਹੇ ਹਨ ਕਿ ਸੀਬੀਆਈ ਦੇ ਛਾਪਿਆਂ ਪਿੱਛੇ ਮਨਸ਼ਾ ਕੀ ਹੈ। ਆਰਜੇਡੀ ਦੇ ਤਰਜਮਾਨ ਸ਼ਕਤੀ ਸਿੰਘ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਛਾਪਿਆਂ ’ਤੇ ਕੋਈ ਹੈਰਾਨੀ ਨਹੀਂ ਹੋਈ ਹੈ। ਰਾਜ ਸਭਾ ਮੈਂਬਰ ਮਨੋਜ ਝਾਅ ਨੇ ਦੋਸ਼ ਲਾਇਆ ਕਿ ਈਡੀ ਹੋਵੇ ਜਾਂ ਸੀਬੀਆਈ, ਸਾਰੇ ਅਜਿਹੇ ਛਾਪੇ ਭਾਜਪਾ ਨੂੰ ਲਾਭ ਪਹੁੰਚਾਉਣ ਲਈ ਮਾਰੇ ਜਾ ਰਹੇ ਹਨ। ਜਨਤਾ ਦਲ (ਯੂ) ਦੇ ਸੰਸਦੀ ਬੋਰਡ ਦੇ ਮੁਖੀ ਉਪੇਂਦਰ ਕੁਸ਼ਵਾਹਾ ਨੇ ਕਿਹਾ ਕਿ ਛਾਪੇ ਮਾਰਨ ਦੇ ਸਮੇਂ ਤੋਂ ਸਪੱਸ਼ਟ ਹੈ ਕਿ ਜਾਂਚ ਏਜੰਸੀਆਂ ਭਾਜਪਾ ਨੂੰ ਸਹਾਇਤਾ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਜਨਤਾ ਦਲ (ਯੂ) ਦੇ ਮੁੱਖ ਤਰਜਮਾਨ ਅਤੇ ਐੱਮਐੱਲਸੀ ਨੀਰਜ ਕੁਮਾਰ ਨੇ ਛਾਪਿਆਂ ਨੂੰ ਕੇਂਦਰ ਸਰਕਾਰ ਵੱਲੋਂ ਸੀਬੀਆਈ ਤੇ ਈਡੀ ਰਾਹੀਂ ‘ਸ਼ਕਤੀ ਪ੍ਰੀਖਣ’ ਦੀ ਖ਼ਤਰਨਾਕ ਖੇਡ ਕਰਾਰ ਦਿੱਤਾ। -ਪੀਟੀਆਈ
ਸੀਬੀਆਈ ਦੇ ਛਾਪਿਆਂ ਲਈ ਭਾਜਪਾ ’ਤੇ ਵਰ੍ਹੇ ਤੇਜਸਵੀ
ਪਟਨਾ: ਆਰਜੇਡੀ ਆਗੂਆਂ ’ਤੇ ਮਾਰੇ ਗਏ ਛਾਪਿਆਂ ਤੋਂ ਗੁੱਸੇ ’ਚ ਆਏ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਐਨਫੋਰਸਮੈਂਟ ਡਾਇਰੈਕਟੋਰੇਟ, ਸੀਬੀਆਈ ਅਤੇ ਆਈਟੀ ਵਿਭਾਗ ਨੂੰ ਸਰਕਾਰ ਦੇ ‘ਤਿੰਨ ਜਵਾਈ’ ਕਰਾਰ ਦਿੱਤਾ ਅਤੇ ਕਿਹਾ ਕਿ ਭਾਜਪਾ ਇਨ੍ਹਾਂ ਏਜੰਸੀਆਂ ਨੂੰ ਉਨ੍ਹਾਂ ਸੂਬਿਆਂ ’ਚ ਭੇਜਦੀ ਹੈ ਜਿਥੇ ਉਹ ਸੱਤਾ ’ਚ ਨਹੀਂ ਹੁੰਦੀ ਹੈ। ਭਰੋਸੇ ਦੇ ਵੋਟ ਦੇ ਪੱਖ ’ਚ ਵਿਧਾਨ ਸਭਾ ਅੰਦਰ ਬਹਿਸ ’ਚ ਹਿੱਸਾ ਲੈਂਦਿਆਂ ਤੇਜਸਵੀ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਸ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਸਮਾਜਵਾਦੀ ਵਿਚਾਰਧਾਰ ਦਾ ਖ਼ਾਤਮਾ ਕੀਤਾ ਜਾ ਸਕੇ। ‘ਮੇਰੇ ਪਿਤਾ ਲਾਲੂ ਪ੍ਰਸਾਦ, ਮਾਂ ਰਾਬੜੀ ਦੇਵੀ, ਮੇਰੀਆਂ ਭੈਣਾਂ ਅਤੇ ਮੈਨੂੰ ਸਮਾਜਵਾਦ ਪ੍ਰਤੀ ਵਚਨਬੱਧਤਾ ਦਿਖਾਉਣ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਅਸੀਂ ਸਮਾਜਵਾਦੀਆਂ ਨੇ ਜੋ ਬੀਜਿਆ ਹੈ, ਤੁਸੀਂ (ਭਾਜਪਾ) ਉਹ ਕੱਟ ਨਹੀਂ ਸਕਦੇ ਹੋ।’ ਗੁਰੂਗ੍ਰਾਮ ’ਚ ਉਸਾਰੀ ਅਧੀਨ ਮਾਲ ਨੂੰ ਮੀਡੀਆ ਵੱਲੋਂ ਉਨ੍ਹਾਂ ਦਾ ਦੱਸਣ ’ਤੇ ਆਰਜੇਡੀ ਆਗੂ ਨੇ ਕਿਹਾ ਕਿ ਮੀਡੀਆ ਕਰਮੀਆਂ ਨੂੰ ਕੁਝ ਪੜਚੋਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਲ ਹਰਿਆਣਾ ਆਧਾਰਿਤ ਕਿਸੇ ਵਿਅਕਤੀ ਦਾ ਹੈ ਅਤੇ ਉਸ ਦਾ ਉਦਘਾਟਨ ਭਾਜਪਾ ਦੇ ਸੰਸਦ ਮੈਂਬਰ ਨੇ ਕੀਤਾ ਸੀ। -ਪੀਟੀਆਈ