ਨਵੀਂ ਦਿੱਲੀ, 1 ਜੁਲਾਈ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਿਹਾ ਹੈ ਕਿ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਭੈਣ ਨੇ ਬ੍ਰਿਟੇਨ ਦੇ ਬੈਂਕ ਖ਼ਾਤੇ ’ਚੋਂ 17 ਕਰੋੜ ਤੋਂ ਜ਼ਿਆਦਾ ਰੁਪਏ ਭਾਰਤ ਸਰਕਾਰ ਨੂੰ ਭੇਜੇ ਹਨ। ਪੰਜਾਬ ਨੈਸ਼ਨਲ ਬੈਂਕ ਨਾਲ 13 ਹਜ਼ਾਰ ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਸਹਾਇਤਾ ਕਰਨ ਬਦਲੇ ਅਪਰਾਧਿਕ ਕਾਰਵਾਈ ਤੋਂ ਉਸ ਨੂੰ ਛੋਟ ਦਿੱਤੀ ਗਈ ਸੀ। ਪੂਰਵੀ ਮੋਦੀ ਉਰਫ਼ ਪੂਰਵੀ ਮਹਿਤਾ (47) ਅਤੇ ਉਸ ਦੇ ਪਤੀ ਮਾਯੰਕ ਮਹਿਤਾ ਨੂੰ ਜਨਵਰੀ ’ਚ ਮੁੰਬਈ ਅਦਾਲਤ ਦੇ ਕੇਸ ’ਚ ਵਾਅਦਾ ਮੁਆਫ ਗਵਾਹ ਬਣਾਇਆ ਗਿਆ ਹੈ। ਪੂਰਵੀ ਅਤੇ ਉਸ ਦਾ ਪਤੀ ਬ੍ਰਿਟਿਸ਼ ਨਾਗਰਿਕ ਹਨ ਅਤੇ ਉਹ ਜਾਂਚ ’ਚ ਕਦੇ ਵੀ ਸ਼ਾਮਲ ਨਹੀਂ ਹੋਏ ਹਨ। ਈਡੀ ਨੇ ਇਕ ਬਿਆਨ ’ਚ ਕਿਹਾ,‘‘24 ਜੂਨ ਨੂੰ ਪੂਰਵੀ ਮੋਦੀ ਨੇ ਈਡੀ ਨੂੰ ਸੂਚਿਤ ਕੀਤਾ ਕਿ ਉਸ ਨੂੰ ਲੰਡਨ ’ਚ ਆਪਣੇ ਨਾਮ ’ਤੇ ਇਕ ਬੈਂਕ ਖਾਤੇ ਦਾ ਪਤਾ ਲੱਗਾ ਹੈ ਜੋ ਉਸ ਦੇ ਭਰਾ ਨੀਰਵ ਮੋਦੀ ਦੇ ਆਖਣ ’ਤੇ ਖੋਲ੍ਹਿਆ ਗਿਆ ਸੀ ਅਤੇ ਇਹ ਪੈਸਾ ਉਨ੍ਹਾਂ ਦਾ ਨਹੀਂ ਸੀ।’’ ਬਿਆਨ ’ਚ ਕਿਹਾ ਗਿਆ ਹੈ ਕਿ ਪੂਰਵੀ ਮੋਦੀ ਨੂੰ ਪੂਰਾ ਅਤੇ ਸਹੀ ਖ਼ੁਲਾਸਾ ਕਰਨ ਦੀ ਸ਼ਰਤ ’ਤੇ ਮੁਆਫ਼ੀ ਦੀ ਇਜਾਜ਼ਤ ਦਿੱਤੀ ਗਈ ਸੀ, ਇਸ ਲਈ ਉਨ੍ਹਾਂ ਬ੍ਰਿਟੇਨ ਦੇ ਬੈਂਕ ਖਾਤੇ ’ਚੋਂ 23,16,889.03 ਅਮਰੀਕੀ ਡਾਲਰ (ਕਰੀਬ 17.25 ਕਰੋੜ) ਦੀ ਰਕਮ ਭਾਰਤ ਸਰਕਾਰ, ਈਡੀ ਦੇ ਬੈਂਕ ਖਾਤੇ ’ਚ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੂਰਵੀ ਮੋਦੀ ਦੇ ਸਹਿਯੋਗ ਕਾਰਨ ਈਡੀ ਨੂੰ ਇਹ ਰਕਮ ਵਾਪਸ ਹਾਸਲ ਹੋਈ ਹੈ।
-ਪੀਟੀਆਈ