ਕੋਲਕਾਤਾ, 27 ਜੁਲਾਈ
ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਨੇ ਅੱਜ ਕਲਕੱਤਾ ਹਾਈ ਕੋਰਟ ’ਚ ਹਲਫ਼ਨਾਮਾ ਦਾਇਰ ਕਰਕੇ ਦੋਸ਼ ਲਾਇਆ ਹੈ ਕਿ ਐੱਨਐੱਚਆਰਸੀ ਕਮੇਟੀ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਦੇ ਮਾਮਲੇ ’ਚ ਸੱਤਾਧਾਰੀ ਧਿਰ ਨਾਲ ਪੱਖਪਾਤ ਕਰ ਰਹੀ ਹੈ। ਹਲਫ਼ਨਾਮੇ ’ਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਸ ਪੈਨਲ ਦੇ ਮੈਂਬਰਾਂ ਦੇ ਭਾਜਪਾ ਆਗੂਆਂ ਨਾਲ ਨਜ਼ਦੀਕੀ ਰਿਸ਼ਤੇ ਵੀ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਜਾਂਚ ਪੈਨਲ ਨੇ ਹਾਈ ਕੋਰਟ ’ਚ ਦਾਇਰ ਹਲਫ਼ਨਾਮੇ ’ਚ ਕਿਹਾ ਸੀ ਕਿ ਸੂਬੇ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ। ਉਨ੍ਹਾਂ ਕਤਲ ਤੇ ਜਬਰ ਜਨਾਹ ਵਰਗੀਆਂ ਘਟਨਾਵਾਂ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਸਿਫਾਰਸ਼ ਕੀਤੀ ਸੀ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਪੈਨਲ ਦੇ ਤੱਥਾਂ ਨੂੰ ਖਾਰਜ ਕਰਦਿਆਂ ਟੀਐੱਮਸੀ ਸਰਕਾਰ ਨੇ ਕਿਹਾ ਕਿ ਇਸ ਕਮੇਟੀ ਦੇ ਮੈਂਬਰਾਂ ਦੇ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਸਰਕਾਰ ਨਾਲ ਨੇੜਲੇ ਸਬੰਧ ਹਨ। ਉਨ੍ਹਾਂ ਇਸ ਕਮੇਟੀ ਦਾ ਗਠਨ ਪੱਛਮੀ ਬੰਗਾਲ ’ਚ ਸਾਰੀ ਰਾਜ ਮਸ਼ੀਨਰੀ ਦੀ ਜਾਂਚ ਲਈ ਕੀਤਾ ਗਿਆ ਹੈ। -ਪੀਟੀਆਈ