ਨਵੀਂ ਦਿੱਲੀ, 22 ਦਸੰਬਰ
ਖੇਤੀ ਮੰਤਰੀ ਨਰਿੰਦਰ ਤੋਮਰ ਨੇ ਅੱਜ ਕਿਹਾ ਕਿ ਨਵੇਂ ਖੇਤੀ ਸੁਧਾਰ ਭਾਰਤੀ ਖੇਤੀਬਾੜੀ ਵਿੱਚ ਇਕ ਨਵੇਂ ਯੁਗ ਦੇ ਆਗਾਜ਼ ਦਾ ਸੁਨੇਹਾ ਹਨ। ਤੋਮਰ ਨੇ ਕਿਹਾ ਕਿ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਸਾਰੇ ਵਿਵਾਦਿਤ ਮੁੱਦਿਆਂ ’ਤੇ ਗੱਲਬਾਤ ਜਾਰੀ ਰੱਖਣ ਦੀ ਖਾਹਿਸ਼ਮੰਦ ਹੈ। ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਭਾਰਤੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ ਤੇ ਨਰਿੰਦਰ ਮੋਦੀ ਸਰਕਾਰ ਦਾ ਸਾਰਾ ਧਿਆਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵੱਲ ਹੈ। ਖੇਤੀ ਮੰਤਰੀ ਇਥੇ ਦੱਖਣੀ ਏਸ਼ੀਆ ਦੇ ਵਿਦੇਸ਼ੀ ਕੌਰੈਸਪੌਂਡੈਂਟਜਸ ਕਲੱਬ ਦੇ ਕੌਮਾਂਤਰੀ ਮੀਡੀਆ ਨਾਲ ਜੁੜੇ ਮੈਂਬਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਖੇਤੀ ਮੰਤਰੀ ਨੇ ਦੋ ਕਿਸਾਨ ਜਥੇਬੰਦੀਆਂ ਕਿਸਾਨ ਸਮਿਤੀ ਤੇ ਇੰਡੀਆ ਕਿਸਾਨ ਯੂਨੀਅਨ ਨਾਲ ਵੀ ਮੁਲਾਕਾਤ ਕੀਤੀ।
ਇਕ ਅਧਿਕਾਰਤ ਬਿਆਨ ਮੁਤਾਬਕ, ‘ਖੇਤੀ ਮੰਤਰੀ ਨੇ ਕਿਹਾ ਕਿ (ਖੇਤੀ) ਸੁਧਾਰ ਕਿਸਾਨ ਹਿੱਤਾਂ ’ਚ ਬਣਾਏ ਗਏ ਹਨ ਤੇ ਇਹ ਭਾਰਤੀ ਖੇਤੀਬਾੜੀ ’ਚ ਨਵਾਂ ਯੁੱਗ ਲੈ ਕੇ ਆਉਣਗੇ। ਸਰਕਾਰ ਕਿਸਾਨ ਯੂਨੀਅਨਾਂ ਨਾਲ ਕਈ ਗੇੜਾਂ ਦੀ ਗੱਲਬਾਤ ਕਰ ਚੁੱਕੀ ਹੈ ਤੇ ਖੁੱਲ੍ਹੇ ਮਨ ਨਾਲ ਵਿਵਾਦਿਤ ਮੁੱਦਿਆਂ ’ਤੇ ਕਲਾਜ਼ ਦਰ ਕਲਾਜ਼ ਸੰਵਾਦ ਜਾਰੀ ਰੱਖਣ ਦੀ ਖਾਹਿਸ਼ਮੰਦ ਹੈ।’ ਤੋਮਰ ਨੇ ਕਿਹਾ ਕਿ ਭਾਰਤ ਦੇ ਵੱਡੀ ਜਮਹੂਰੀਅਤ ਹੋਣ ਕਰਕੇ ਇਹ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦੇ ਸਿਧਾਂਤ ’ਤੇ ਕੰਮ ਕਰਦੀ ਹੈ। ਵਿਦੇਸ਼ੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖੇਤੀ ਮੰਤਰਾਲੇ ਦੇ ਅਧਿਕਾਰੀਆਂ ਨੇ ਖੇਤੀ ਕਾਨੂੰਨਾਂ ਵਿਚਲੀਆਂ ਵਿਵਸਥਾਵਾਂ ਨੂੰ ਤਫ਼ਸੀਲ ਨਾਲ ਬਿਆਨਿਆ ਤੇ ਦੱਸਿਆ ਕਿ ਕਿਵੇਂ ਇਹ ਕਾਨੂੰਨ ਨਵੇਂ ਵਾਤਾਵਰਨ ਪ੍ਰਬੰਧ ਵਿੱਚ ਕਿਸਾਨਾਂ ਤੇ ਭਾਰਤੀ ਖੇਤੀਬਾੜੀ ਲਈ ਫਾਇਦੇਮੰਦ ਹੋਣਗੇ। ਸ੍ਰੀ ਤੋਮਰ ਨੇ ਕਿਹਾ ਕਿ ਖੇਤੀ ਕਾਨੂੰਨ ‘ਰਾਤੋ ਰਾਤ ਲਿਆ ਫੈਸਲਾ’ ਨਹੀਂ ਬਲਕਿ ਦੋ ਦਹਾਕਿਆਂ ਤੋਂ ਕੀਤੇ ਜਾ ਰਹੇ ਯਤਨਾਂ, ਮਾਹਿਰਾਂ ਦੀ ਰਾਏ ਤੇ ਵੱਖ ਵੱਖ ਕਮੇਟੀਆਂ/ਸਮੂਹਾਂ ਵੱਲੋਂ ਕੀਤੀਆਂ ਸਿਫਾਰਸ਼ਾਂ ’ਤੇ ਅਧਾਰਿਤ ਹੈ। ਉਨ੍ਹਾਂ ਕਿਹਾ, ‘ਐਮਐੱਸਪੀ ਪ੍ਰਸ਼ਾਸਨਿਕ ਫੈਸਲਾ ਹੈ ਤੇ ਇਹ ਜਾਰੀ ਰਹੇਗਾ।’
-ਪੀਟੀਆਈ