ਹੈਦਰਾਬਾਦ, 26 ਅਪਰੈਲ
ਨੈਟਕੋ ਫਾਰਮਾ ਲਿਮਟਿਡ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਮੋਲਨੋਪਿਰਾਵਿਰ ਕੈਪਸੂਲਾਂ ਦੇ ਤੀਜੇ ਗੇੜ ਦੇ ਕਲੀਨਿਕਲ ਟ੍ਰਾਇਲ ਦੀ ਮਨਜ਼ੂਰੀ ਲਈ ਸੀਬੀਐਸਸੀਓ ’ਚ ਅਪਲਾਈ ਕੀਤਾ ਹੈ। ਅਮਰੀਕਾ ਦੀ ਮੁੱਖ ਫਾਰਮਾ ਕੰਪਨੀ ਮੇਰੇਕ ਨੇ ਰਿਜਬੈਕ ਬਾਇਓ ਥੇਰਾਪਿਊਟਿਕਸ ਨਾਲ ਮਿਲ ਕੇ ਮੋਲਨੋਪਿਰਾਵਿਰ(ਐਮਕੇ-4482) ਕੈਪਸੂਲ ਬਣਾਇਆ ਹੈ। ਸ਼ਹਿਰ ਵਿੱਚ ਸਥਿਤ ਦਵਾਈ ਨਿਰਮਾਤਾ ਵੱਲੋਂ ਜਾਰੀ ਬਿਆਨ ਅਨੁਸਾਰ ਹੁਣ ਤਕ ਕੀਤੇ ਗਏ ਟ੍ਰਾਇਲ ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਮੋਲਨੋਪਿਰਾਵਿਰ ਸਾਰਸ ਕੋਵ-2 ਵਾਇਰਸ ਨੂੰ ਰੋਕਣ ਵਿੱਚ ਅਸਰਦਾਰ ਹੈ ਅਤੇ ਵੱਡੇ ਪੱਧਰ ’ਤੇ ਐਨਫਲੂਏਂਜਾ ਨੂੰ ਰੋਕਦਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਮਰੀਜ਼ਾਂ ਦਾ ਮੋਲਨੋਪਿਰਾਵਿਰ ਨਾਲ ਇਲਾਜ ਕੀਤਾ ਗਿਆ, ਉਨ੍ਹਾਂ ਵਿੱਚ ਪੰਜ ਦਿਨਾਂ ਵਿੱਚ ਹੀ ਅਸਰ ਦਿਖਾਈ ਦਿੱਤਾ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਦਵਾਈ ਤੇਜ਼ੀ ਨਾਲ ਕੰਮ ਕਰਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਸੀਡੀਐਸਸੀਓ ਛੇਤੀ ਹੀ ਇਸ ਦਵਾਈ ਦੇ ਇਸਤੇਮਾਲ ਦੀ ਮਨਜ਼ੂਰੀ ਦੇਵੇਗਾ। ਕੰਪਨੀ ਦਾ ਕਹਿਣਾ ਹੈ ਕਿ ਜੇ ਉਸ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਹ ਮਹੀਨੇ ਵਿੱਚ ਹੀ ਦਵਾਈ ਮੁਹੱਈਆ ਕਰਵਾ ਦੇਵੇਗੀ। -ਏਜੰਸੀ