ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਨੀਰਜ ਬਵਾਨਾ ਅਤੇ ਨਵੀਨ ਬਾਲੀ ਗਰੋਹ ਦੇ ਇੱਕ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪਹਿਲਾਂ ਕਤਲ ਅਤੇ ਇਰਾਦਾ ਕਤਲ ਦੇ ਦੋ ਮਾਮਲਿਆਂ ਵਿੱਚ ਸ਼ਾਮਲ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਨੀਰਜ (32) ਵਾਸੀ ਪੁਲ ਪ੍ਰਹਿਲਾਦਪੁਰ (ਦਿੱਲੀ) ਵਜੋਂ ਹੋਈ ਹੈ। ਉਹ ਛੋਟੀ ਉਮਰੇ ਮੌਂਟੀ ਗੈਂਗ ਵਿੱਚ ਸ਼ਾਮਲ ਹੋ ਗਿਆ ਸੀ। ਮੌਂਟੀ ਦੇ ਕਤਲ ਤੋਂ ਬਾਅਦ ਉਹ ਸ਼ਾਰਪ ਸ਼ੂਟਰ ਵਜੋਂ ਬਵਾਨਾ-ਬਾਲੀ ਗੈਂਗ ਵਿੱਚ ਸ਼ਾਮਲ ਹੋ ਗਿਆ। ਡਿਪਟੀ ਕਮਿਸ਼ਨਰ ਪੁਲੀਸ (ਦੱਖਣ-ਪੂਰਬੀ) ਈਸ਼ਾ ਪਾਂਡੇ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਰਾਤ 10.45 ਵਜੇ ਦੇ ਕਰੀਬ ਨੀਰਜ ਬਵਾਨਾ ਤੇ ਨਵੀਨ ਬਾਲੀ ਗੈਂਗ ਦੇ ਸ਼ਾਰਪ ਸ਼ੂਟਰ ਚੋਰੀ ਦੇ ਮੋਟਰਸਾਈਕਲ ’ਤੇ ਬਦਰਪੁਰ ਵਾਲੇ ਪਾਸੇ ਤੋਂ ਐੱਮਬੀ ਰੋਡ ਰਾਹੀਂ ਮਦਨਗੀਰ ਵੱਲ ਆਪਣੇ ਦੋਸਤ ਨੂੰ ਮਿਲਣ ਆਉਣਗੇ। ਇਸ ਤੋਂ ਬਾਅਦ ਪੁਲੀਸ ਨੇ ਲਾਲ ਕੂੰਆਂ ਬੱਸ ਸਟੈਂਡ, ਐੱਮਬੀ ਰੋਡ ਨੇੜੇ ਜਾਲ ਵਿਛਾਇਆ ਤੇ ਕਈ ਕੋਸ਼ਿਸ਼ਾਂ ਤੋਂ ਬਾਅਦ ਨੀਰਜ ਨੂੰ ਕਾਬੂ ਕਰ ਲਿਆ।