ਨਵੀਂ ਦਿੱਲੀ, 21 ਅਗਸਤ
ਰਾਜਸਥਾਨ ਵਿਚ ਅਧਿਆਪਕ ਵੱਲੋਂ ਕੁੱਟਣ ’ਤੇ ਦਲਿਤ ਬੱਚੇ ਦੀ ਹੋਈ ਮੌਤ ’ਤੇ ਸੀਨੀਅਰ ਕਾਂਗਰਸ ਆਗੂ ਮੀਰਾ ਕੁਮਾਰ ਨੇ ਕਿਹਾ ਕਿ ਜਾਤੀਵਾਦ ਦੀ ‘ਬਿਮਾਰੀ’ ਨੂੰ ਪੂਰੀ ਤਰ੍ਹਾਂ ਜੜ੍ਹੋਂ ਪੁੱਟਣ ਦੀ ਲੋੜ ਹੈ ਅਤੇ ਜਾਤੀ ਦੇ ਆਧਾਰ ਉਤੇ ਪੱਖਪਾਤ ਪ੍ਰਤੀ ‘ਬਿਲਕੁਲ ਨਰਮੀ ਨਾ ਵਰਤੀ ਜਾਵੇ’। ਇਕ ਇੰਟਰਵਿਊ ਵਿਚ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਡੂੰਘਾਈ ਵਿਚ ਜਾਣ ਦੀ ਲੋੜ ਨਹੀਂ ਹੈ ਕਿ ਮੌਕੇ ’ਤੇ ਕਿਹੜੀ ਸਰਕਾਰ ਜਾਂ ਪਾਰਟੀ ਸੱਤਾ ਵਿਚ ਹੈ, ਇਸ ਨਾਲ ਮੁੱਖ ਸਵਾਲ ਤੋਂ ਧਿਆਨ ਭਟਕ ਜਾਂਦਾ ਹੈ ਜੋ ਕਿ ਜਾਤੀਵਾਦ ਦੇ ਢਾਂਚੇ ਨੂੰ ਖ਼ਤਮ ਕਰਨ ਦਾ ਹੈ। ਲੋਕ ਸਭਾ ਦੀ ਸਾਬਕਾ ਸਪੀਕਰ ਨੇ ਜ਼ੋਰ ਦੇ ਕੇ ਕਿਹਾ ਕਿ ਵਰ੍ਹਿਆਂ ਤੋਂ ਜਾਤੀਵਾਦ ਨਾ ਤਾਂ ਘੱਟ ਹੋ ਸਕਿਆ ਹੈ ਤੇ ਨਾ ਹੀ ਖ਼ਤਮ ਹੋ ਸਕਿਆ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਵਿਚ 20 ਜੁਲਾਈ ਨੂੰ ਇੰਦਰ ਕੁਮਾਰ (9) ਦੀ ਸਕੂਲ ਅਧਿਆਪਕ ਨੇ ਕਥਿਤ ਤੌਰ ’ਤੇ ਇਸ ਲਈ ਕੁੱਟਮਾਰ ਕੀਤੀ ਸੀ ਕਿਉਂਕਿ ਉਸ ਨੇ ਪਾਣੀ ਪੀਣ ਵਾਲੇ ਇਕ ਘੜੇ ਨੂੰ ਛੂਹ ਲਿਆ ਸੀ। ਬੱਚੇ ਦੀ ਇਸ ਮਹੀਨੇ ਮੌਤ ਹੋ ਗਈ ਸੀ ਤੇ ਮੁਲਜ਼ਮ ਚੈਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਰਾਜਸਥਾਨ ਦੀ ਸੱਤਾਧਾਰੀ ਕਾਂਗਰਸ ਸਰਕਾਰ ਇਸ ਮੁੱਦੇ ਉਤੇ ਸਿਆਸੀ ਤੌਰ ’ਤੇ ਘਿਰ ਗਈ ਹੈ। ਮੀਰਾ ਕੁਮਾਰ ਨੇ ਕਿਹਾ ਕਿ ਸਿਆਸੀ ਜਮਾਤ ਵੀ ਅਜਿਹੀਆਂ ਘਟਨਾਵਾਂ ਲਈ ਕੁਝ ਹੱਦ ਤੱਕ ਜ਼ਿੰਮੇਵਾਰ ਹੈ ਪਰ ਇਹ ਮੁੱਦਾ ਸਮਾਜਿਕ ਹੈ। ਸਿਆਸਤ ਅਸਲ ਵਿਚ ਸਮਾਜ ਦੀ ਹੀ ਝਲਕ ਹੈ। ਉਨ੍ਹਾਂ ਕਿਹਾ ਕਿ ਜਦ ਅਸੀਂ ਅਜਿਹੇ ਮੁੱਦਿਆਂ ਨੂੰ ਸਿਆਸੀ ਪੱਖਾਂ ਤੋਂ ਦੇਖਣ ਲੱਗਦੇ ਹਾਂ ਤਾਂ ਇਸ ਨਾਲ ਮੁੱਦੇ ਦੀ ਅਹਿਮੀਅਤ ਘੱਟ ਜਾਂਦੀ ਹੈ। -ਪੀਟੀਆਈ