ਨਵੀਂ ਦਿੱਲੀ, 8 ਨਵੰਬਰ
ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਬਿਮਲ ਜਾਲਾਨ ਦਾ ਮੰਨਣਾ ਹੈ ਕਿ ਮਹਾਂਮਾਰੀ ਤੋਂ ਪ੍ਰਭਾਵਿਤ ਅਰਥਵਿਵਸਥਾ ਨੂੰ ਉਸ਼ਾਹਤ ਕਰਨ ਲਈ ਕਿਸੇ ਨਵੇਂ ਪੈਕੇਜ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੀ ਥਾਂ ਇਹ ਵਧੇਰੇ ਮਹੱਤਵਪੂਰਨ ਹੈ ਕਿ ਸਰਕਾਰ ਪਹਿਲਾਂ ਜਿਸ ਪੈਕਜ ਦਾ ਐਲਾਨ ਕਰ ਚੁੱਕੀ ਹੈ, ਉਸ ਨੂੰ ਖਰਚਿਆ ਜਾਵੇ। ਪੀਟੀਆਈ ਨਾਲ ਇਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ, ‘‘ ਮੇਰਾ ਮੰਨਣਾ ਹੈ ਕਿ ਵਿੱਤੀ ਪੈਕੇਜ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਤੁਸੀਂ ਪਹਿਲਾਂ ਜਿਸ ਦਾ ਐਲਾਨ ਕਰ ਚੁੱਕੇ ਹੋ ਉਸ ਨੂੰ ਖਰਚਣ ਦੀ ਲੋੜ ਹੈ। ਇਸ ਤੋਂ ਇਲਾਵਾ ਵੱਖ ਵੱਖ ਐਲਾਨਾਂ ਨੂੰ ਅਮਲੀ ਰੂਪ ਦੇਣ ਦੀ ਲੋੜ ਹੈ। ਇਹ ਸਰਕਾਰੀ ਘਾਟੇ ਦੇ ਟੀਚੇ ਨੂੰ ਵਧਾਉਣ ਤੋਂ ਵਧ ਮਹੱਤਵਪੂਰਨ ਹੈ। ’’ ਸਰਕਾਰ ਨੇ ਕਰੋਨਾ ਮਹਾਂਮਾਰੀ ਤੋਂ ਪ੍ਰਭਾਵਿਤ ਅਰਥਵਿਵਸਥਾ ਨੂੰ ਉਤਸ਼ਾਹਤ ਕਰਨ ਲਈ ਮਈ ਵਿੱਚ 20 ਲੱਖ ਕਰੋੜ ਰੁਪਏ ਦੇ ‘ਆਤਮ ਨਿਰਭਰ ਭਾਰਤ’ ਪੈਕੇਜ ਦਾ ਐਲਾਨ ਕੀਤਾ ਸੀ। ਹੁਣ ਤਕ ਸਰਕਾਰ ਤਿੰਨ ਗੇੜਾਂ ਵਿੱਚ ਆਰਥਿਕ ਪੈਕੇਜ ਦਾ ਐਲਾਨ ਕਰ ਚੁੱਕੀ ਹੈ। -ਪੀਟੀਆਈ