ਬੀਜਾਪੁਰ, 4 ਜੁਲਾਈ
ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਅੱਜ ਮੁਕਾਬਲੇ ਮਗਰੋਂ ਨਕਸਲੀਆਂ ਦਾ ਕੈਂਪ ਨਸ਼ਟ ਕਰ ਦਿੱਤਾ। ਘਟਨਾ ਵਾਲੀ ਥਾਂ ਤੋਂ ਧਮਾਕਾਖੇਜ਼ ਸਮੱਗਰੀ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਇਸੂਲਨਰ ਨੇੜੇ ਪਹਾੜੀ ਜੰਗਲ ਵਿੱਚ ਅੱਜ ਸਵੇਰੇ ਇਹ ਮੁਕਾਬਲਾ ਹੋਇਆ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਇਸ ਖੇਤਰ ਵਿੱਚ ਮਾਓਵਾਦੀਆਂ ਦੀ ਕੰਪਨੀ ਨੰਬਰ 2 ਦੇ ਕਮਾਂਡਰ ਵੈਲਾ ਮੋਡੀਅਮ, ਡਿਵੀਜ਼ਨ ਮਿਲਟਰੀ ਇੰਚਾਰਜ ਰਾਹੁਲ ਤੇਲਮ ਅਤੇ ਗੰਗਲੂਰ ਏਰੀਆ ਕਮੇਟੀ ਸਕੱਤਰ ਦਿਨੇਸ਼ ਮੋਡੀਅਮ ਸਮੇਤ 40-50 ਹਥਿਆਰਬੰਦ ਨਕਸਲੀਆਂ ਦੇ ਹੋਣ ਸਬੰਧੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਡਿਸਟਿਕ ਰਿਜ਼ਰਵ ਗਾਰਡ (ਡੀਆਰਜੀ), ਐੱਸਟੀਐੱਫ ਅਤੇ ਕੋਬਰਾ ਦੀ 210ਵੀਂ ਬਟਾਲੀਅਨ ਦੀ ਸਾਂਝੀ ਟੀਮ ਵੱਲੋਂ ਤਲਾਸ਼ੀ ਮੁਹਿੰਮ ਵਿੱਢੀ ਗਈ। ਇਸ ਦੌਰਾਨ ਨਕਸਲੀਆਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਜਵਾਨਾਂ ਨੇ ਵੀ ਮੋਡਵਾਂ ਜਵਾਬ ਦਿੱਤਾ। ਹਾਲਾਂਕਿ, ਨਕਸਲੀ ਬਚ ਕੇ ਨਿਕਲਣ ਵਿੱਚ ਕਾਮਯਾਬ ਰਹੇ। -ਪੀਟੀਆਈ