ਮੁੰਬਈ, 23 ਫਰਵਰੀ
ਮੁੱਖ ਅੰਸ਼
- ਚਾਰ ਮਹੀਨਿਆਂ ਵਿੱਚ ਦੇਸ਼ਮੁਖ ਮਗਰੋਂ ਦੂਜਾ ਐੱਨਸੀਪੀ ਆਗੂ ਗ੍ਰਿਫ਼ਤਾਰ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਹਾਰਾਸ਼ਟਰ ਸਰਕਾਰ ’ਚ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਨਵਾਬ ਮਲਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਲਿਕ ਨੂੰ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ, ਉਸ ਦੇ ਸਾਥੀਆਂ ਤੇ ਮੁੰਬਈ ਅੰਡਰਵਰਲਡ ਦੀਆਂ ਸਰਗਰਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਮਗਰੋਂ ਮਲਿਕ ਨੂੰ ਵਿਸ਼ੇਸ਼ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 3 ਮਾਰਚ ਤੱਕ ਈਡੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਈਡੀ ਨੇ ਕੋਰਟ ਵਿੱਚ ਦਾਅਵਾ ਕੀਤਾ ਕਿ ਮਲਿਕ ਦੀ ਦਹਿਸ਼ਤਗਰਦੀ ਲਈ ਫੰਡ ਮੁਹੱਈਆ ਕਰਵਾਉਣ ’ਚ ‘ਸਰਗਰਮ’ ਭੂਮਿਕਾ ਸੀ। ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਮਗਰੋਂ ਮਲਿਕ ਸੂਬਾ ਸਰਕਾਰ ’ਚ ਦੂਜੇ ਮੰਤਰੀ ਹਨ, ਜਿਨ੍ਹਾਂ ਨੂੰ ਪਿਛਲੇ ਚਾਰ ਮਹੀਨਿਆਂ ਵਿੱਚ ਕੇਂਦਰੀ ਜਾਂਚ ਏਜੰਸੀ ਨੇ ਗ੍ਰਿਫ਼ਤਾਰ ਕੀਤਾ ਹੈ। ਦੇਸ਼ਮੁਖ ਨੂੰ ਪਿਛਲੇ ਸਾਲ ਨਵੰਬਰ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਨੀਅਰ ਐੱਨਸੀਪੀ ਆਗੂ ਛਗਣ ਭੁਜਬਲ ਨੇ ਕਿਹਾ ਕਿ ਮਲਿਕ ਕੋਲੋਂ ਅਸਤੀਫ਼ਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਕੁਝ ਵੀ ਗ਼ਲਤ ਨਹੀਂ ਕੀਤਾ। ਇਸ ਦੌਰਾਨ ਮਹਾਰਾਸ਼ਟਰ ਦੀ ਮਹਾ ਵਿਕਾਸ ਅਗਾੜੀ ਗੱਠਜੋੜ ਸਰਕਾਰ ’ਚ ਸ਼ਾਮਲ ਤਿੰਨੋ ਪਾਰਟੀਆਂ ਮਲਿਕ ਦੀ ਗ੍ਰਿਫ਼ਤਾਰੀ ਖ਼ਿਲਾਫ਼ ਭਲਕੇ ਮਹਾਰਾਸ਼ਟਰ ਸਕੱਤਰੇਤ ਦੇ ਅੱਗੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਗੀਆਂ। ਈਡੀ ਨੇ 15 ਫਰਵਰੀ ਨੂੰ ਦਾਊਦ ਇਬਰਾਹਿਮ ਦੀ ਮਰਹੂਮ ਭੈਣ ਹਸੀਨਾ ਪਾਰਕਰ, ਭਰਾ ਇਕਬਾਲ ਕਾਸਕਰ ਤੇ ਗੈਂਗਸਟਰ ਛੋਟਾ ਸ਼ਕੀਲ ਦੇ ਨੇੜਲੇ ਰਿਸ਼ਤੇਦਾਰ ਸਲੀਮ ਕੁਰੈਸ਼ੀ ਉਰਫ਼ ਸਲੀਮ ਫਰੂਟ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਜਾਂਚ ਦੌਰਾਨ ਨਵਾਬ ਮਲਿਕ ਵੱਲੋਂ ਜਾਇਦਾਦ ਦੀ ਖਰੀਦ-ਫਰੋਖ਼ਤ ਕੀਤੇ ਜਾਣ ਦਾ ਪਤਾ ਲੱਗਾ ਸੀ। ਨਵਾਬ ਮਲਿਕ ਨੂੰ ਅੱਜ ਸਵੇਰੇ 8 ਵਜੇ ਦੱਖਣੀ ਮੁੰਬਈ ਸਥਿਤ ਈਡੀ ਦਫ਼ਤਰ ਵਿੱਚ ਪੁੱਛ-ਪੜਤਾਲ ਲਈ ਲਿਆਂਦਾ ਗਿਆ ਸੀ ਤੇ ਜਾਂਚ ਏਜੰਸੀ ਨੇ ਪੰਜ ਘੰਟਿਆਂ ਦੀ ਪੁੱਛ-ਪੜਤਾਲ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਏਜੰਸੀ ਨੇ ਮਲਿਕ ਵੱਲੋਂ ਜਾਂਚ ਵਿੱਚ ਕਥਿਤ ਸਹਿਯੋਗ ਨਾ ਦੇਣ ਦਾ ਦਾਅਵਾ ਕੀਤਾ ਸੀ। ਐੱਨਸੀਪੀ ਆਗੂ ਨੂੰ ਬਾਅਦ ਦੁਪਹਿਰ ਮੈਡੀਕਲ ਜਾਂਚ ਲਈ ਸਰਕਾਰੀ ਜੇ.ਜੇ.ਹਸਪਤਾਲ ਲਿਜਾਇਆ ਗਿਆ ਤੇ ਮਗਰੋਂ ਟੀਮ ਉਸ ਨੂੰ ਲੈ ਕੇ ਸੈਸ਼ਨ ਕੋਰਟ ਲਈ ਰਵਾਨਾ ਹੋ ਗਈ। ਚਿੱਟਾ ਕੁੜਤਾ ਪਾਈ ਮਲਿਕ ਨੂੰ ਸ਼ਾਮ 4:50 ਵਜੇ ਦੇ ਕਰੀਬ ਵਿਸ਼ੇਸ਼ ਜੱਜ ਆਰ.ਐੱਨ.ਰੋਕਾੜੇ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਗਵਾਹਾਂ ਵਾਲੇ ਕਟਹਿਰੇ ਵਿੱਚ ਖੜ੍ਹੇ ਮਲਿਕ ਨੂੰ ਜੱਜ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਮਲਿਕ ਨੇ ਕਿਹਾ ਕਿ ਈਡੀ ਅਧਿਕਾਰੀ ਅੱਜ ਸਵੇਰੇ ਉਸ ਦੇ ਘਰ ਆਏ ਤੇ ਆਪਣੇ ਦਫ਼ਤਰ ਲੈ ਕੇ ਗਏ। ਮੰਤਰੀ ਨੇ ਕੋਰਟ ਨੂੰ ਦੱਸਿਆ, ‘‘ਦਫ਼ਤਰ ਵਿੱਚ ਉਨ੍ਹਾਂ (ਈਡੀ) ਮੇਰੇ ਤੋਂ ਇਕ ਦਸਤਾਵੇਜ਼ ’ਤੇ ਸਹੀ ਪਵਾਈ ਤੇ ਮਗਰੋਂ ਦੱਸਿਆ ਕਿ ਇਹ ਸੰਮਨ ਸਨ।’’ ਮਲਿਕ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜ ਖਿਲਾਫ਼ ਲਾਏ ਦੋਸ਼ਾਂ ਕਰਕੇ ਸੁਰਖੀਆਂ ’ਚ ਆਏ ਸਨ। ਵਾਨਖੇੜੇ ਦੀ ਅਗਵਾਈ ਵਾਲੀ ਐੱਨਸੀਬੀ ਦੀ ਮੁੰਬਈ ਟੀਮ ਨੇ ਪਿਛਲੇ ਸਾਲ ਮਲਿਕ ਦੇ ਦਾਮਾਦ ਸਮੀਰ ਖ਼ਾਨ ਨੂੰ ਡਰੱਗਜ਼ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਮਲਿਕ ਦੀ ਗ੍ਰਿਫ਼ਤਾਰੀ ਮਗਰੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਦੱਖਣੀ ਮੁੰਬਈ ਸਥਿਤ ਆਪਣੀ ਰਿਹਾਇਸ਼ ‘ਸਿਲਵਰ ਓਕ’ ਵਿੱਚ ਹੰਗਾਮੀ ਮੀਟਿੰਗ ਸੱਦੀ, ਜਿਸ ਵਿੱਚ ਮੌਜੂਦਾ ਹਾਲਾਤ ’ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ, ਮੰਤਰੀ ਛਗਨ ਭੁਜਬਲ, ਹਾਸਨ ਮੁਸ਼ਰਿਫ਼ ਤੇ ਰਾਜੇਸ਼ ਟੋਪੇ ਸ਼ਾਮਲ ਹੋਏ। ਸੂਤਰਾਂ ਨੇ ਕਿਹਾ ਕਿ ਮਲਿਕ ਵੱਲੋਂ ਅਸਤੀਫ਼ਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਦਾ ਮੰਤਰਾਲਾ ਕਿਸੇ ਹੋਰ ਪਾਰਟੀ ਆਗੂ ਨੂੰ ਦਿੱਤਾ ਜਾ ਸਕਦਾ ਹੈ। ਇਸ ਦੌਰਾਨ ਕਈ ਕਾਂਗਰਸੀ ਆਗੂ ਵੀ ਸ਼ਰਦ ਪਵਾਰ ਨੂੰ ਮਿਲੇ। ਮਲਿਕ ਕੋਲ ਘੱਟਗਿਣਤੀ ਮਾਮਲਿਆਂ ਤੋਂ ਇਲਾਵਾ ਹੁਨਰ ਵਿਕਾਸ ਵਿਭਾਗ ਵੀ ਹੈ। ਸੂਤਰਾਂ ਮੁਤਾਬਕ ਐੱਨਸੀਪੀ ਆਗੂ ਮਗਰੋਂ ਮੁੱਖ ਮੰਤਰੀ ਊਧਵ ਠਾਕਰੇ ਨੂੰ ਵੀ ਮਿਲੇ। ਮਹਾਰਾਸ਼ਟਰ ਸਰਕਾਰ ’ਚ ਮੰਤਰੀ ਬਾਲਾਸਾਹਿਬ ਥੋਰਾਟ ਤੇ ਛਗਨ ਭੁਜਬਲ ਨੇ ਕਿਹਾ ਕਿ ਮਲਿਕ ਦੀ ਗ੍ਰਿਫ਼ਤਾਰੀ ਖਿਲਾਫ਼ ਭਲਕੇ ਵੀਰਵਾਰ ਨੂੰ ਮੰਤਰਾਲਾ ਦੇ ਸਾਹਮਣੇ ਮਹਾਤਮਾ ਗਾਂਧੀ ਦੀ ਯਾਦਗਾਰ ਨੇੜੇ ਸ਼ਾਂਤੀਪੂਰਵਕ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਾ ਵਿਕਾਸ ਅਗਾੜੀ ਗੱਠਜੋੜ ’ਚ ਸ਼ਾਮਲ ਤਿੰਨੋਂ ਪਾਰਟੀਆਂ ਇਸ ਵਿੱਚ ਸ਼ਾਮਲ ਹੋਣਗੀਆਂ। -ਪੀਟੀਆਈ
ਸ਼ਰਦ ਪਵਾਰ ਨੇ ਫੋਨ ’ਤੇ ਮਮਤਾ ਬੈਨਰਜੀ ਨਾਲ ਕੀਤਾ ਸਲਾਹ-ਮਸ਼ਵਰਾ
ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਇਥੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨਾਲ ਫੋਨ ’ਤੇ ਰਾਬਤਾ ਕਰਕੇ ਮਲਿਕ ਮਾਮਲੇ ਵਿੱਚ ਸਲਾਹ-ਮਸ਼ਵਰਾ ਕੀਤਾ। ਐੱਨਡੀਟੀਵੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦਸ ਮਿੰਟ ਦੀ ਗੱਲਬਾਤ ਦੌਰਾਨ ਪਵਾਰ ਨੇ ਬੈਨਰਜੀ ਤੋਂ ਇਸ ਗੱਲ ਬਾਰੇ ਜਾਣਕਾਰੀ ਹਾਸਲ ਕੀਤੀ ਕਿ ਪਿਛਲੇ ਸਾਲ ਅਜਿਹੀ ਹੀ ਸਥਿਤੀ ਦਾ ਉਨ੍ਹਾਂ ਕਿਵੇਂ ਸਾਹਮਣਾ ਕੀਤਾ ਸੀ। ਮਮਤਾ ਬੈਨਰਜੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਏ ਗਏ ਆਪਣੇ ਮੰਤਰੀਆਂ ਤੋਂ ਅਸਤੀਫਾ ਲੈਣ ਤੋਂ ਕੋਰੀ ਨਾਂਹ ਕਰ ਦਿੱੱਤੀ ਸੀ।
ਯਾਦ ਰੱਖਿਓ, 2024 ਮਗਰੋਂ ਤੁਹਾਡੀ ਵੀ ਜਾਂਚ ਹੋਵੇਗੀ: ਰਾਊਤ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਮਲਿਕ ਦੀ ਗ੍ਰਿਫ਼ਤਾਰੀ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਰਾਊਤ ਨੇ ਕਿਹਾ, ‘‘ਦੱਬੇ ਮੁਰਦੇ ਪੁੱਟੇ ਜਾ ਰਹੇ ਹਨ, ਪਰ ਤੁਹਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ 2024 ਮਗਰੋਂ ਤੁਹਾਡੀ ਵੀ ਜਾਂਚ ਹੋਵੇਗੀ।’’ ਰਾਊਤ ਨੇ ਕਿਹਾ ਕਿ ਜਲਦੀ ਹੀ ਕੇਂਦਰੀ ਜਾਂਚ ਏਜੰਸੀਆਂ ਦਾ ‘ਪਰਦਾਫਾਸ਼’ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਸਾਰਾ ਦੇਸ਼ ਵੇਖ ਰਿਹਾ ਹੈ ਕਿ ਮਹਾਰਾਸ਼ਟਰ, ਝਾਰਖੰਡ ਤੇ ਪੱਛਮੀ ਬੰਗਾਲ ਵਿੱਚ ਕੀ ਕੁਝ ਹੋ ਰਿਹੈ। ਇਹ ਸਿਆਸੀ ਤੇ ਕਾਨੂੰਨੀ ਲੜਾਈ ਹੈ। ਕੇਂਦਰੀ ਜਾਂਚ ਏਜੰਸੀਆਂ ਮਾਫੀਆ ਵਾਂਗ ਭਾਜਪਾ ਦੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਪਰ ਸੱਚ ਸਾਹਮਣੇ ਆਏਗਾ ਤੇ ਲੜਾਈ ਜਾਰੀ ਰਹੇਗੀ।’’ -ਪੀਟੀਆਈ
ਅਸੀਂ ਲੜਾਂਗੇ ਤੇ ਜਿੱਤਾਂਗੇ, ਝੁਕਾਂਗੇ ਨਹੀਂ: ਮਲਿਕ
ਮੁੰਬਈ: ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਮਹਾਰਾਸ਼ਟਰ ਦੇ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਨਵਾਬ ਮਲਿਕ ਨੇ ਅੱਜ ਕਿਹਾ ਕਿ ‘ਉਹ ਨਹੀਂ ਝੁਕਣਗੇ ਤੇ ਇਸ ਲੜਾਈ ਨੂੰ ਜਾਰੀ ਰੱਖਦਿਆਂ ਜਿੱਤ ਹਾਸਲ ਕਰਨਗੇ।’ ਈਡੀ ਦੇ ਦੱਖਣੀ ਮੁੰਬਈ ਵਿਚਲੇ ਦਫਤਰ ਵਿੱਚ ਅੱਠ ਘੰਟੇ ਦੇ ਕਰੀਬ ਬਿਤਾਉਣ ਮਗਰੋਂ ਬਾਹਰ ਆਏ ਮਲਿਕ ਨੇ ਬਾਹਰ ਉਡੀਕ ਕਰ ਰਹੇ ਪੱਤਰਕਾਰਾਂ ਵੱਲ ਹੱਥ ਹਿਲਾਉਂਦਿਆਂ ਕਿਹਾ, ‘‘ਅਸੀਂ ਲੜਾਂਗੇ ਤੇ ਜਿੱਤਾਂਗੇ। ਅਸੀਂ ਝੁਕਾਂਗੇ ਨਹੀਂ।’’ ਈਡੀ ਅਧਿਕਾਰੀ ਮਲਿਕ ਨੂੰ ਮੈਡੀਕਲ ਜਾਂਚ ਵਾਸਤੇ ਹਸਪਤਾਲ ਲਿਜਾਣ ਲਈ ਬਾਹਰ ਲਿਆਏ ਸਨ। -ਪੀਟੀਆਈ
ਮਲਿਕ ਦੀ ਪਿੱਠ ਉੱਤੇ ਆਏ ਗੱਠਜੋੜ ਵਿਚਲੇ ਭਾਈਵਾਲ
ਮੁੱਖ ਅੰਸ਼
- ਮਲਿਕ ਦੀ ਗ੍ਰਿਫ਼ਤਾਰੀ ‘ਸਿਆਸੀ ਬਦਲਾਖੋਰੀ’ ਤੇ ‘ਸੱਤਾ ਦੀ ਦੁਰਵਰਤੋਂ’ ਕਰਾਰ
ਮੁੰਬਈ: ਮਹਾਰਾਸ਼ਟਰ ਦੀ ਮਹਾ ਵਿਕਾਸ ਅਗਾੜੀ ਗੱਠਜੋੜ ਸਰਕਾਰ ਵਿੱਚ ਅਹਿਮ ਭਾਈਵਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇ ਪਾਰਟੀ ਆਗੂ ਤੇ ਸੂਬਾ ਸਰਕਾਰ ’ਚ ਮੰਤਰੀ ਨਵਾਬ ਮਲਿਕ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਨੂੰ ‘ਸੱਤਾ ਦੀ ਦੁਰਵਰਤੋਂ’ ਦੀ ਇਕ ਹੋਰ ਮਿਸਾਲ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਮਲਿਕ ਅਕਸਰ ਲੋਕਾਂ ਵੱਲੋਂ ਕੀਤੇ ਜਾਂਦੇ ਗ਼ਲਤ ਕੰਮਾਂ ਤੋਂ ਪਰਦਾ ਚੁੱਕਦੇ ਰਹਿੰਦੇ ਹਨ ਤੇ ਇਹ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਕੀਤੀ ਕਾਰਵਾਈ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਆਪਣੇ ਆਗੂ ਖਿਲਾਫ਼ ਅਜਿਹੀ ਕਿਸੇ ਕਾਰਵਾਈ ਦੀ ਪਹਿਲਾਂ ਤੋਂ ਉਮੀਦ ਸੀ ਕਿਉਂਕਿ ਮਲਿਕ ‘ਖੁੱਲ੍ਹ ਕੇ ਬੋਲਦੇ’ ਹਨ। ਸੂਬਾ ਸਰਕਾਰ ’ਚ ਭਾਈਵਾਲ ਸ਼ਿਵ ਸੈਨਾ ਤੇ ਕਾਂਗਰਸ ਨੇ ਵੀ ਮਲਿਕ ਦੀ ਹਮਾਇਤ ’ਚ ਨਿੱਤਰਦਿਆਂ ਕਿਹਾ ਕਿ ਵਿਰੋਧੀਆਂ ਨੂੰ ਖ਼ਾਮੋਸ਼ ਕਰਨ ਦੀਆਂ ਇਨ੍ਹਾਂ ਜੁਗਤਾਂ ਖਿਲਾਫ਼ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ। ਉਧਰ ਭਾਜਪਾ ਨੇ ਕਿਹਾ ਕਿ ਈਡੀ ਦੀ ਕਾਰਵਾਈ ਨੂੰ ‘ਬਦਲੇ ਦੀ ਸਿਆਸਤ’ ਦਾ ਨਾਮ ਨਾ ਦਿੱਤਾ ਜਾਵੇ। ਜੇਕਰ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਲੱਗਦਾ ਹੈ ਕਿ ‘ਸੱਤਾ ਦੀ ਦੁਰਵਰਤੋਂ’ ਹੋਈ ਹੈ ਤਾਂ ਉਹ ਨਿਆਂ ਲਈ ਕੋਰਟ ਦਾ ਬੂਹਾ ਖੜਕਾ ਸਕਦੇ ਹਨ। ਮੁੱਖ ਵਿਰੋਧੀ ਪਾਰਟੀ ਨੇ ਮਲਿਕ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਗ੍ਰਿਫਤਾਰੀ ਮਗਰੋਂ ਮਲਿਕ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਈਡੀ ਦੀ ਕਾਰਵਾਈ ’ਤੇ ਆਪਣੇ ਪ੍ਰਤੀਕਰਮ ਵਿੱਚ ਪਵਾਰ ਨੇ ਕਿਹਾ, ‘‘ਉਹ ਹੁਣ ਕਿਹੜਾ ਕੇਸ ਖੋਦ ਰਹੇ ਹਨ? ਸਿੱਧੀ ਜਿਹੀ ਗੱਲ ਹੈ, ਉਨ੍ਹਾਂ ਦਾਊਦ ਦਾ ਨਾਮ ਲਿਆ ਹੈ, ਖਾਸ ਕਰਕੇ ਜੇਕਰ ਕੋਈ ਮੁਸਲਿਮ ਕਾਰਕੁਨ ਹੈ….ਇਸ ਕਾਰਕੁਨ ਤੇ ਅੰਡਰਵਰਲਡ ਦਰਮਿਆਨ ਕੋਈ ਸਬੰਧ ਨਹੀਂ ਹੈ, ਪਰ ਹੁਣ ਦਰਸਾ ਦਿੱਤਾ ਗਿਆ ਹੈ।’’ ਪਵਾਰ ਨੇ ਚੇਤੇ ਕਰਦਿਆਂ ਕਿਹਾ ਕਿ 90ਵਿਆਂ ਦੀ ਸ਼ੁਰੂਆਤ ਵਿੱਚ ਜਦੋਂ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਖਿਲਾਫ਼ ਵੀ ਅਜਿਹਾ ਮਾਹੌਲ ਸਿਰਜਿਆ ਗਿਆ ਸੀ। ਉਨ੍ਹਾਂ ਕਿਹਾ, ‘‘ਇਸ ਗੱਲ ਨੂੰ 25 ਸਾਲ ਹੋ ਗਏ ਹਨ। ਕੇਂਦਰ ਖਿਲਾਫ਼ ਸਟੈਂਡ ਲੈਣ ਵਾਲੇ ਲੋਕਾਂ ਨੂੰ ਬਦਨਾਮ ਤੇ ਪ੍ਰੇਸ਼ਾਨ ਕਰਨ ਅਤੇ ਸੱਤਾ ਦੀ ਦੁਰਵਰਤੋਂ ਲਈ ਇਸੇ ਤਰ੍ਹਾਂ ਅੰਡਰਵਰਲਡ ਦਾ ਨਾਂ ਲਿਆ ਗਿਆ ਸੀ।’’
ਐੱਨਸੀਪੀ ਦੀ ਲੋਕ ਸਭਾ ਮੈਂਬਰ ਸੁਪ੍ਰਿਆ ਸੂਲੇ ਨੇ ਕਿਹਾ ਕਿ ਮਹਾਰਾਸ਼ਟਰ ਨਾ ਤਾਂ ਪਹਿਲਾਂ ਕੇਂਦਰ ਅੱਗੇ ਝੁਕਿਆ ਸੀ ਤੇ ਨਾ ਕਦੇ ਝੁਕੇਗਾ। ਸੂਲੇ ਨੇ ਕਿਹਾ ਕਿ ਕੇਂਦਰ ਵੱਲੋਂ ਭਾਜਪਾ ਦੇ ਸਿਆਸੀ ਵਿਰੋਧੀਆਂ ਖਿਲਾਫ਼ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ, ‘‘ਇਕ ਵਾਰ ਤੁਸੀਂ ਆਪਣੀ ਪਾਰਟੀ ਛੱਡ ਕੇ ਉਨ੍ਹਾਂ ਨਾਲ ਜਾ ਰਲੋ, ਫਿਰ ਜਾਂਚ ਏਜੰਸੀਆਂ ਦੇ ਨੋਟਿਸ ਖ਼ੁਦ ਬਖੁ਼ਦ ਗਾਇਬ ਹੋ ਜਾਣਗੇ।
ਸੂਲੇ ਨੇ ਕਿਹਾ ਕਿ ਉਹ ਅਗਾਮੀ ਸੰਸਦੀ ਇਜਲਾਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਗੇ ਇਸ ਮਾਮਲੇ ਨੂੰ ਰੱਖਣਗੇ। ਐੱਨਸੀਪੀ ਵਰਕਰਾਂ ਨੇ ਦੱੱਖਣੀ ਮੁੰਬਈ ਵਿੱਚ ਈਡੀ ਦਫ਼ਤਰ ਦੇ ਬਿਲਕੁਲ ਨਾਲ ਪਾਰਟੀ ਹੈੱਡਕੁਆਰਟਰ ’ਤੇ ਰੋਸ ਵਜੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਈਡੀ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਧਰ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਈਡੀ ਵੱਲੋਂ ਮਲਿਕ ਤੋਂ ਕੀਤੀ ਪੁੱਛ-ਪੜਤਾਲ ਨੂੰ ‘ਬਦਲੇ’ ਦੀ ਕਾਰਵਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਜਦੋਂ ਸਿਆਸੀ ਵਿਰੋਧੀਆਂ ਖਾਮੋੋਸ਼ ਕਰਨ ਦੀਆਂ ਇਨ੍ਹਾਂ ਜੁਗਤਾਂ ਦਾ ਇਕਜੁੱਟ ਹੋ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਪਟੋਲੇ ਨੇ ਕਿਹਾ ਕਿ ਕਾਂਗਰਸ ਮਲਿਕ ਦੀ ਪਿੱਠ ’ਤੇ ਖੜ੍ਹੀ ਹੈ। -ਪੀਟੀਆਈ