ਨਵੀਂ ਦਿੱਲੀ, 15 ਦਸੰਬਰ
ਭਾਰਤ ’ਚ ਜਿੱਥੇ ਕਰੀਬ ਪੰਜ ਮਹੀਨੇ ਬਾਅਦ ਕਰੋਨਾ ਦੇ 23 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੀ 95 ਫੀਸਦ ਤੋਂ ਵੱਧ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 161 ਦਿਨ ਬਾਅਦ 22,065 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਸੱਤ ਜੁਲਾਈ ਨੂੰ 22,252 ਨਵੇਂ ਕੇਸ ਸਾਹਮਣੇ ਆਏ ਸਨ। ਦੇਸ਼ ’ਚ ਇਸ ਸਮੇਂ ਕਰੋਨਾ ਦੇ ਕੁੱਲ ਮਾਮਲੇ ਵੱਧ ਕੇ 99,06,165 ਹੋ ਗਏ ਹਨ ਜਦਕਿ 354 ਹੋਰ ਲੋਕਾਂ ਦੀ ਕਰੋਨਾ ਕਾਰਨ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 1,43,709 ਹੋ ਗਿਆ ਹੈ। ਇਸ ਦੇ ਨਾਲ 94,22,636 ਲੋਕਾਂ ਦੇ ਸਿਹਤਯਾਬ ਹੋਣ ਨਾਲ ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਦਰ ਵੱਧ ਕੇ 95.12 ਫੀਸਦ ਹੋ ਗਈ ਹੈ। ਦੇਸ਼ ’ਚ ਇਸ ਸਮੇਂ 3,39,820 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਆਈਆਈਟੀ ਮਦਰਾਸ ’ਚ 79 ਨਵੇਂ ਕਰੋਨਾ ਕੇਸ ਸਾਹਮਣੇ ਆਏ ਜਿਸ ਨਾਲ ਇਸ ਸੰਸਥਾ ’ਚ ਕਰੋਨਾ ਦੇ ਕੇਸਾਂ ਦੀ ਗਿਣਤੀ 183 ਹੋ ਗਈ ਹੈ। ਇਸੇ ਦੌਰਾਨ ਸਿਹਤ ਮੰਤਰਾਲੇ ਨੇ ਕਿਹਾ ਕਿ ਕਰੋਨਾ ਟੀਕਾਕਰਨ ਤੋਂ ਬਾਅਦ ਇਸ ਦੇ ਉਲਟ ਅਸਰ ਦੀ ਵੀ ਸੰਭਾਵਨਾ ਹੈ ਇਸ ਲਈ ਸੂਬਿਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਕੇਂਂਦਰ ਸਰਕਾਰ ਨੇ ਕਿਹਾ ਕਿ ਭਾਰਤ ਬਾਇਓਟੈੱਕ, ਸੀਰਮ ਇੰਸਟੀਚਿਊਟ ਤੇ ਫਾਈਜ਼ਰ ਵੱਲੋਂ ਤਿਆਰ ਕੋਵਿਡ-19 ਵੈਕਸੀਨਾਂ ਦੀ ਐਮਰਜੰਸੀ ਵਰਤੋਂ ਲਈ ਦਿੱਤੀਆਂ ਅਰਜ਼ੀਆਂ ਦੀ ਘੋਖ ਜਾਰੀ ਹੈ ਤੇ ਡੀਸੀਜੀਆਈ ਵੱਲੋਂ ਇਨ੍ਹਾਂ ਕੰਪਨੀਆਂ ਤੋਂ ਵੈਕਸੀਨ ਦੀ ਕਾਰਗੁਜ਼ਾਰੀ ਬਾਰੇ ਮੰਗੇ ਹੋਰ ਅੰਕੜਿਆਂ ਨਾਲ ਇਸ ਨੂੰ ਬਾਜ਼ਾਰ ’ਚ ਉਤਾਰਨ ਲਈ ਨਿਰਧਾਰਿਤ ਮਿਆਦ ’ਤੇ ਕੋਈ ਅਸਰ ਨਹੀਂ ਪਏਗਾ। -ਪੀਟੀਆਈ