ਨਵੀਂ ਦਿੱਲੀ, 25 ਜੁਲਾਈ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਨੈਸ਼ਨਲ ਹੈਰਾਲਡ’ ਅਖ਼ਬਾਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਦੂਜੇ ਗੇੜ ਦੀ ਪੁੱਛ ਪੜਤਾਲ ਲਈ 26 ਜੁਲਾਈ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਫ਼ਤਰ ਵਿੱਚ ਪੇਸ਼ ਹੋ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਈਡੀ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਲਈ ਸੋਨੀਆ ਗਾਂਧੀ 26 ਜੁਲਾਈ ਨੂੰ ਕਰੀਬ 12 ਵਜੇ ਏਜੰਸੀ ਦਫ਼ਤਰ ਪੇਸ਼ ਹੋਣ ਦੀ ਸੰਭਾਵਨਾ ਹੈ। ਪਹਿਲਾਂ ਜਾਂਚ ਏਜੰਸੀ ਨੇ ਉਨ੍ਹਾਂ ਨੂੰ ਸੋਮਵਾਰ ਤਲਬ ਕੀਤਾ ਸੀ ਪਰ ਬਾਅਦ ਵਿੱਚ ਤਰੀਕ ਇੱਕ ਦਿਨ ਲਈ ਅੱਗੇ ਵਧਾ ਦਿੱਤੀ ਸੀ। ਇਸ ਤੋਂ ਪਹਿਲਾਂ ਈਡੀ ਵੱਲੋਂ ਇਸ ਮਾਮਲੇ ’ਚ ਸੋਨੀਆ ਗਾਂਧੀ ਤੋਂ 21 ਜੁਲਾਈ ਨੂੰ ਦੋ ਘੰਟੇ ਤੋਂ ਵੱਧ ਸਮਾਂ ਪੁੱਛ ਪੜਤਾਲ ਕੀਤੀ ਗਈ ਸੀ। ਦੱਸਣਯੋਗ ਹੈ ਕਿ ਈਡੀ ਵੱਲੋਂ ਕਾਂਗਰਸ ਨਾਲ ਸਬੰਧਤ ਅਖਬਾਰ ‘ਨੈਸ਼ਨਲ ਹੈਰਾਲਡ’ ਦੇ ਮਾਲਕਾਨਾ ਹੱਕ ਰੱਖਣ ਵਾਲੀ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ