ਨਵੀਂ ਦਿੱਲੀ, 18 ਜੂਨ
ਸੁਪਰੀਮ ਕੋਰਟ ਕਲਕੱਤਾ ਹਾਈ ਕੋਰਟ ਖ਼ਿਲਾਫ਼ ਇਕ ਅਪੀਲ ਸੁਣਨ ਲਈ ਸਹਿਮਤ ਹੋ ਗਿਆ ਹੈ। ਹਾਈ ਕੋਰਟ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਕਾਨੂੰਨ ਮੰਤਰੀ ਮੋਲੋਏ ਘਟਕ ਦਾ ਹਲਫ਼ਨਾਮਾ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ। ਇਹ ਹਲਫ਼ਨਾਮਾ ਦੋਵਾਂ ਵੱਲੋਂ ਟੀਐਮਸੀ ਆਗੂਆਂ ਦੀ ਸੀਬੀਆਈ ਵੱਲੋਂ ਗ੍ਰਿਫ਼ਤਾਰੀ ਦੇ ਸਬੰਧ ਵਿਚ ਆਪਣੀ ਭੂਮਿਕਾ ਬਾਰੇ ਦਾਇਰ ਕੀਤਾ ਜਾਣਾ ਸੀ। ਇਨ੍ਹਾਂ ਆਗੂਆਂ ਨੂੰ ਕੇਂਦਰੀ ਏਜੰਸੀ ਨੇ 17 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਜਸਟਿਸ ਹੇਮੰਤ ਗੁਪਤਾ ਤੇ ਵੀ. ਰਾਮਸੁਬਰਾਮਣੀਅਨ ਨੇ ਨਾਲ ਹੀ ਹਾਈ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਇਸ ਕੇਸ ਉਤੇ ਸੋਮਵਾਰ ਨੂੰ ਸੁਣਵਾਈ ਨਾ ਕੀਤੀ ਜਾਵੇ। ਉਸ ਤੋਂ ਇਕ ਦਿਨ ਬਾਅਦ ਸੁਣਵਾਈ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ 9 ਜੂਨ ਨੂੰ ਕਲਕੱਤਾ ਹਾਈ ਕੋਰਟ ਦੇ ਬੈਂਚ ਨੇ ਸੀਬੀਆਈ ਦੀ ਅਰਜ਼ੀ ਉਤੇ ਸੁਣਵਾਈ ਕਰਦਿਆਂ ਕਿਹਾ ਸੀ ਕਿ ਬੈਨਰਜੀ ਤੇ ਘਟਕ ਵੱਲੋਂ ਦਾਇਰ ਹਲਫ਼ਨਾਮੇ ਮਨਜ਼ੂਰ ਕਰਨ ਬਾਰੇ ਇਹ ਫ਼ੈਸਲਾ ਹਾਲੇ ਠਹਿਰ ਕੇ ਕਰੇਗਾ। ਸੀਬੀਆਈ ਨੇ ਮੰਗ ਕੀਤੀ ਹੈ ਕਿ ਨਾਰਦਾ ਕੇਸ ਦੀ ਸੁਣਵਾਈ ਨੂੰ ਵਿਸ਼ੇਸ਼ ਅਦਾਲਤ ਤੋਂ ਹਾਈ ਕੋਰਟ ਕੋਲ ਟਰਾਂਸਫਰ ਕੀਤਾ ਜਾਵੇ। -ਪੀਟੀਆਈ