ਨਵੀਂ ਦਿੱਲੀ, 17 ਫਰਵਰੀ
ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕੱਈਆ ਨਾਇਡੂ ਨੇ ਇੱਕ ਪੱਤਰ ਰਾਹੀਂ ਸੰਸਦੀ ਕਮੇਟੀਆਂ ਦੇ ਪ੍ਰਦਰਸ਼ਨ ’ਚ ਸੁਧਾਰ ਦੀ ਸ਼ਲਾਘਾ ਕਰਦਿਆਂ ਸਾਰੀਆਂ ਅੱਠ ਕਮੇਟੀਆਂ ਦੇ ਮੁਖੀਆਂ ਤੇ ਮੈਂਬਰਾਂ ਨੂੰ ਬੈਠਕਾਂ ’ਚ 50 ਫ਼ੀਸਦ ਤੋਂ ਵੱਧ ਹਾਜ਼ਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਜ ਸਭਾ ਦੀਆਂ ਅੱਠ ਵਿਭਾਗਾਂ ਸਬੰਧੀ ਕਮੇਟੀਆਂ ਦੇ ਕੰਮਕਾਜ ’ਚ ਕਾਫ਼ੀ ਸੁਧਾਰ ਹੋਇਆ ਹੈ। ਸਤੰਬਰ 2019 ’ਚ ਮੁੜ ਕਾਇਮ ਕਮੇਟੀਆਂ ਦੀਆਂ ਬੈਠਕਾਂ ’ਚ ਮੈਂਬਰਾਂ ਦੀ ਹਾਜ਼ਰੀ ’ਚ ਪਿਛਲੇ ਦੋ ਸਾਲਾਂ ਦੇ ਮੁਕਾਬਲੇ 15 ਫ਼ੀਸਦੀ ਦਾ ਵਾਧਾ ਹੋਇਆ ਜਦਕਿ ਕਮੇਟੀਆਂ ਦੀ ਔਸਤ ਮਿਆਦ ’ਚ ਵੀ 16 ਫ਼ੀਸਦ ਵਾਧਾ ਹੋਇਆ ਹੈ।
ਇਸ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਸ੍ਰੀ ਨਾਇਡੂ ਨੇ ਕਮੇਟੀ ਮੁਖੀਆਂ ਤੇ ਮੈਂਬਰਾਂ ਨੂੰ ਬੈਠਕਾਂ ’ਤੇ ਹੋਣ ਵਾਲੇ ਖਰਚ ਦਾ ਹਵਾਲਾ ਦਿੰਦਿਆਂ ਹਾਜ਼ਰੀ 50 ਫ਼ੀਸਦ ਤੋਂ ਵੱਧ ਅਤੇ ਬੈਠਕਾਂ ਦੀ ਮਿਆਦ ਘੱਟੋ-ਘੱਟ ਦੋ ਤੋਂ ਢਾਈ ਘੰਟੇ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਸ੍ਰੀ ਨਾਇਡੂ ਨੇ ਸਾਰੀਆਂ ਕਮੇਟੀਆਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਬੈਠਕਾਂ ਬਾਰੇ ਤਫ਼ਸੀਲ ’ਚ ਜਾਣਕਾਰੀ ਵੀ ਦਿੱਤੀ ਹੈ।
ਇੱਕ ਅੰਦਰੂਨੀ ਰਿਪੋਰਟ ਮੁਤਾਬਕ ਸਿੱਖਿਆ, ਮਹਿਲਾ, ਬਾਲ, ਨੌਜਵਾਨਾਂ ਅਤੇ ਖੇਡਾਂ ਸਬੰਧੀ ਕਮੇਟੀਆਂ ਦੀਆਂ ਬੈਠਕਾਂ ’ਚ ਸਭ ਤੋਂ ਵੱਧ 63.30 ਫ਼ੀਸਦੀ ਹਾਜ਼ਰੀ ਦਰਜ ਕੀਤੀ ਗਈ ਜਦਕਿ ਸਿਹਤ ਅਤੇ ਪਰਿਵਾਰ ਭਲਾਈ ਸਬੰਧੀ ਕਮੇਟੀ ਦੀ ਔਸਤ ਹਾਜ਼ਰੀ 52.46 ਫ਼ੀਸਦੀ ਅਤੇ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰਾਲੇ ਦੀ ਹਾਜ਼ਰੀ 50.46 ਫ਼ੀਸਦੀ ਦਰਜ ਕੀਤੀ ਗਈ। -ਪੀਟੀਆਈ