ਕੋਹਿਮਾ, 14 ਜਨਵਰੀ
ਨਾਗਾਲੈਂਡ ਸਰਕਾਰ ਵੱਲੋਂ ਸੂਬੇ ਦੇ ਮੌਨ ਜ਼ਿਲ੍ਹੇ ਵਿੱਚ ਕਥਿਤ ਗ਼ਲਤ ਪਛਾਣ ਦੇ ਆਧਾਰ ’ਤੇ ਸੁਰੱਖਿਆ ਬਲਾਂ ਵੱਲੋਂ ਪਿਛਲੇ ਸਾਲ 4 ਤੇ 5 ਦਸੰਬਰ ਦੀ ਦਰਮਿਆਨੀ ਰਾਤ ਨੂੰ ਕੀਤੀਆਂ 14 ਆਮ ਨਾਗਰਿਕਾਂ ਦੀਆਂ ਹੱਤਿਆਵਾਂ ਮਾਮਲੇ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਟੀਮ ਫੋਰੈਂਸਿਕ ਨਤੀਜੇ ਮਿਲਣ ਮਗਰੋਂ ਆਪਣੀ ਫਾਈਨਲ ਰਿਪੋਰਟ ਕੋਰਟ ਨੂੰ ਸੌਂਪ ਦੇਵੇਗੀ। ਨਾਗਾਲੈਂਡ ਦੇ ਵਧੀਕ ਡੀਜੀਪੀ (ਅਮਨ ਤੇ ਕਾਨੂੰਨ) ਤੇ ‘ਸਿਟ’ ਦੀ ਨਿਗਰਾਨੀ ਕਰ ਰਹੇ ਸੰਦੀਪ ਤਾਮਗੜਗੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਪੂਰੇ ਅਪਰੇਸ਼ਨ ਵਿੱਚ 85 ਸਿਵਲੀਅਨ ਤੇ 37 ਸੁਰੱਖਿਆ ਕਰਮੀ (ਜਿਨ੍ਹਾਂ ਵਿਚੋਂ 31 ਥਲ ਸੈਨਾ ਦੇ ਜਵਾਨ ਹਨ) ਸ਼ਾਮਲ ਸਨ ਤੇ ਟੀਮ ਨੇ ਮੌਕੇ ਵਾਲੀ ਥਾਂ ਦਾ ਕਈ ਵਾਰ ਮੁਆਇਨਾ ਕਰਨ ਤੋਂ ਇਲਾਵਾ ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕੀਤੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਗੁਹਾਟੀ ਤੇ ਹੈਦਰਾਬਾਦ ਸਥਿਤ ਕੇਂਦਰੀ ਫੋਰੈਂਸਿਕ ਲੈਬਾਰਟਰੀਆਂ ਨੂੰ ਕੁਝ ਵਸਤਾਂ, ਮਿੱਟੀ ਤੇ ਖ਼ੂਨ ਦੇ ਨਮੂਨੇ ਭੇਜੇ ਹਨ ਅਤੇ ਜਿਵੇਂ ਹੀ ਇਨ੍ਹਾਂ ਦੀ ਰਿਪੋਰਟ ਮਿਲਦੀ ਹੈ, ਫਾਈਨਲ ਰਿਪੋਰਟ ਤਿਆਰ ਕਰਨੀ ਸ਼ੁਰੂ ਕਰ ਦੇਵਾਂਗੇ। ਅਧਿਕਾਰੀ ਨੇ ਕਿਹਾ ਕਿ ਇਕ ਵਾਰ ਫਾਈਨਲ ਰਿਪੋਰਟ ਕੋਰਟ ਵਿੱਚ ਜਮ੍ਹਾਂ ਕਰਵਾਉਣ ਮਗਰੋਂ ਹਰ ਕੋਈ ਇਸ ਦੀਆਂ ਲੱਭਤਾਂ ਨੂੰ ਵੇਖ ਸਕੇਗਾ। -ਪੀਟੀਆਈ