ਲਖਨਊ: ਕਰੀਬ 20 ਸਾਲ ਪਹਿਲਾਂ ਲਖੀਮਪੁਰ ਖੀਰੀ ’ਚ ਹੋਈ ਹੱਤਿਆ ਦੇ ਸਬੰਧ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਜ਼ਮਾਨਤੀ ਬਾਂਡ ਰੱਦ ਕਰਾਉਣ ਲਈ ਦਾਖ਼ਲ ਅਰਜ਼ੀ ’ਤੇ ਅਲਾਹਾਬਾਦ ਹਾਈ ਕੋਰਟ ਵੱਲੋਂ 6 ਸਤੰਬਰ ਨੂੰ ਸੁਣਵਾਈ ਕੀਤੀ ਜਾਵੇਗੀ। ਅਦਾਲਤ ਨੇ ਨੌਜਵਾਨ ਪ੍ਰਭਾਤ ਗੁਪਤਾ ਦੀ ਹੱਤਿਆ ਦੇ ਮਾਮਲੇ ’ਚ ਅਜੈ ਮਿਸ਼ਰਾ ਨੂੰ 2004 ’ਚ ਬਰੀ ਕਰ ਦਿੱਤਾ ਸੀ ਜਿਸ ਮਗਰੋਂ ਸੂਬਾ ਸਰਕਾਰ ਨੇ ਅਰਜ਼ੀ ਦਾਖ਼ਲ ਕੀਤੀ ਸੀ। ਜਸਟਿਸ ਰਮੇਸ਼ ਸਿਨਹਾ ਅਤੇ ਜਸਟਿਸ ਰੇਣੂ ਅਗਰਵਾਲ ਨੇ ਨਿਰਦੇਸ਼ ਦਿੱਤੇ ਕਿ ਪੀੜਤ ਧਿਰ ਵੱਲੋਂ ਦਾਖ਼ਲ ਅਰਜ਼ੀ ਦੇ ਨਾਲ ਹੀ ਅਪੀਲ ਦਾ ਰਿਕਾਰਡ ਪੇਸ਼ ਕੀਤਾ ਜਾਵੇ ਜੋ ਪਹਿਲਾਂ ਹੀ 6 ਸਤੰਬਰ ਲਈ ਸੂਚੀਬੱਧ ਹੈ। ਸੂਬੇ ਵੱਲੋਂ ਦਾਖ਼ਲ ਅਪੀਲ ’ਚ ਕਿਹਾ ਗਿਆ ਹੈ ਕਿ ਮਿਸ਼ਰਾ ਕੇਸ ਦੀ ਅੰਤਿਮ ਸੁਣਵਾਈ ’ਚ ਸਹਿਯੋਗ ਨਹੀਂ ਕਰ ਰਹੇ ਹਨ ਅਤੇ ਅਦਾਲਤ ਨੂੰ ਜ਼ਮਾਨਤੀ ਬਾਂਡ ਰੱਦ ਕਰਦਿਆਂ ਉਸ ਨੂੰ ਸੂਬੇ ਦੀ ਅਪੀਲ ਦਾ ਫ਼ੈਸਲਾ ਹੋਣ ਤੱਕ ਹਿਰਾਸਤ ’ਚ ਰੱਖਣਾ ਚਾਹੀਦਾ ਹੈ। ਕੇਸ ਦੀ ਪਿਛਲੀ ਸੁਣਵਾਈ ਦੌਰਾਨ ਅਦਾਲਤ ਦੀ ਲਖਨਊ ਬੈਂਚ ਨੇ ਇਸ ਆਧਾਰ ’ਤੇ ਸੁਣਵਾਈ ਮੁਲਤਵੀ ਕਰ ਦਿੱਤੀ ਸੀ ਕਿ ਮਿਸ਼ਰਾ ਨੇ ਕੇਸ ਲਖਨਊ ਬੈਂਚ ਤੋਂ ਅਲਾਹਾਬਾਦ ਬੈਂਚ ਕੋਲ ਤਬਦੀਲ ਕਰਨ ਲਈ ਚੀਫ਼ ਜਸਟਿਸ ਕੋਲ ਅਪੀਲ ਕੀਤੀ ਹੈ। ਉਂਜ ਚੀਫ਼ ਜਸਟਿਸ ਨੇ ਉਸ ਦੀ ਇਹ ਅਪੀਲ ਖਾਰਜ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਉਸ ਦੇ ਵਕੀਲ ਦੇ ਲਖਨਊ ਆਉਣ ’ਚ ਅਸਮਰੱਥਾ ਦੀ ਦਲੀਲ ਠੀਕ ਨਹੀਂ ਹੈ। -ਪੀਟੀਆਈ
ਲਖੀਮਪੁਰ ਖੀਰੀ ਹਿੰਸਾ ਦੇ ਮੁਲਜ਼ਮ ਅੰਕਿਤ ਦਾਸ ਨੂੰ ਜ਼ਮਾਨਤ ਮਿਲੀ
ਲਖਨਊ: ਇਲਾਹਾਬਾਦ ਹਾਈ ਕੋਰਟ ਨੇ ਲਖੀਮਪੁਰ ਖੀਰੀ ਹਿੰਸਾ ਦੇ ਮੁਲਜ਼ਮ ਅੰਕਿਤ ਦਾਸ ਨੂੰ ਅੱਜ ਮੈਡੀਕਲ ਆਧਾਰ ’ਤੇ ਜ਼ਮਾਨਤ ਦੇ ਦਿੱਤੀ। ਪਿਛਲੇ ਸਾਲ 3 ਅਕਤੂਬਰ ਨੂੰ ਹੋਈ ਹਿੰਸਾ ਵਿੱਚ ਚਾਰ ਕਿਸਾਨਾਂ ਸਣੇ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਸੀ। ਦਾਸ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਦੀ ਅਰਜ਼ੀ ਮੁਤਾਬਕ ਉਹ ਫੇਫੜਿਆਂ ਦੀ ਬਿਮਾਰ ਤੋਂ ਇਲਾਵਾ ਲਿਵਰ ਅਤੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੈ। ਉਸ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਉਸ ਨੂੰ ਤੁਰੰਤ ਇਲਾਜ ਦੀ ਲੋੜ ਹੈ ਜੋ ਕਿ ਜੇਲ੍ਹ ਜਾਂ ਜ਼ਿਲ੍ਹਾ ਹਸਪਤਾਲ ਵਿੱਚ ਉਪਲੱਬਧ ਨਹੀਂ ਹੈ। ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਸਟਿਸ ਡੀ.ਕੇ. ਸਿੰਘ ਨੇ ਦਾਸ ਨੂੰ 15 ਦਿਨਾਂ ਦੀ ਜ਼ਮਾਨਤ ਦੇ ਦਿੱਤੀ ਹੈ। ਹਾਈ ਕੋਰਟ ਦੇ ਲਖਨਊ ਬੈਂਚ ਨੇ ਵੀ ਸੁਣਵਾਈ ਲਈ ਅਗਲੀ ਤਰੀਕ 20 ਸਤੰਬਰ ਤੈਅ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਦਾਸ ਹਦਾਇਤ ਮੁਤਾਬਕ ਆਤਮ-ਸਮਰਪਣ ਨਹੀਂ ਕਰਦਾ ਹੈ ਤਾਂ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ। -ਪੀਟੀਆਈ