ਮੁੰਬਈ, 20 ਅਗਸਤ
ਮੁੰਬਈ ਪੁਲੀਸ ਦੇ ਟਰੈਫ਼ਿਕ ਵਿੰਗ ਨੂੰ ਇਸ ਦੇ ਹੈਲਪਲਾਈਨ ਨੰਬਰ ’ਤੇ ਕਈ ਲਿਖਤੀ ਸੁਨੇਹੇ (ਟੈਕਸਟ ਮੈਸੇਜ) ਮਿਲੇ ਹਨ ਜਿਨ੍ਹਾਂ ਵਿਚ ‘26/11-ਵਰਗੇ’ ਹਮਲੇ ਦੀ ਚਿਤਾਵਨੀ ਦਿੱਤੀ ਗਈ ਹੈ। ਮੈਸੇਜ ਵਿਚ ਕਿਹਾ ਗਿਆ ਹੈ ਕਿ ਇਹ ਹਮਲੇ ਸ਼ਹਿਰ ਵਿਚ ਛੇ ਵਿਅਕਤੀਆਂ ਵੱਲੋਂ ਕੀਤੇ ਜਾਣਗੇ ਅਤੇ ਮਹਾਨਗਰ ਨੂੰ ‘ਉਡਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ’। ਮੁੰਬਈ ਪੁਲੀਸ ਦੇ ਕਮਿਸ਼ਨਰ ਵਿਵੇਕ ਫਨਸਾਲਕਰ ਨੇ ਅੱਜ ਦੱਸਿਆ ਕਿ ਸ਼ਹਿਰ ਦੀ ਪੁਲੀਸ ਨੂੰ ‘26/11-ਵਰਗੇ’ ਹਮਲੇ ਬਾਰੇ ਮਿਲਿਆ ਮੈਸੇਜ ਜਿਸ ਨੰਬਰ ਤੋਂ ਆਇਆ ਸੀ, ਉਸ ਦਾ ਕੰਟਰੀ ਕੋਡ ਪਾਕਿਸਤਾਨ ਦਾ ਸੀ। ਇੱਥੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸੁਨੇਹਾ ਮਿਲਣ ਤੋਂ ਬਾਅਦ ਅਤਿਵਾਦ ਵਿਰੋਧੀ ਸਕੁਐਡ (ਏਟੀਐੱਸ) ਨੇ ਮੁੰਬਈ ਪੁਲੀਸ ਨੂੰ ਚੌਕਸ ਰਹਿਣ ਲਈ ਕਿਹਾ ਹੈ। ਮੁੰਬਈ ਪੁਲੀਸ ਨੇ ਇਸ ਮਾਮਲੇ ਵਿਚ ਵਰਲੀ ਪੁਲੀਸ ਥਾਣੇ ਵਿਚ ਐਫਆਈਆਰ ਕੀਤੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਮੁੱਢਲੀ ਜਾਂਚ ਵਿਚ ਕਿਹਾ ਸੀ ਕਿ ਇਹ ਮੈਸੇਜ ਦੇਸ਼ ਤੋਂ ਬਾਹਰ ਦੇ ਕਿਸੇ ਨੰਬਰ ਤੋਂ ਭੇਜੇ ਗਏ ਹਨ। ਇਕ ਅਧਿਕਾਰੀ ਨੇ ਕਿਹਾ ਕਿ ਸੁਨੇਹੇ ਮੁੰਬਈ ਟਰੈਫ਼ਿਕ ਪੁਲੀਸ ਦੇ ਵਟਸਐਪ ਹੈਲਪਲਾਈਨ ਨੰਬਰ ਉਤੇ ਆਏ ਹਨ। ਟਰੈਫਿਕ ਪੁਲੀਸ ਦਾ ਕੰਟਰੋਲ ਰੂਮ ਵਰਲੀ ’ਚ ਹੈ ਤੇ ਮੈਸੇਜ ਸ਼ੁੁੱਕਰਵਾਰ ਰਾਤ ਕਰੀਬ 11 ਵਜੇ ਮਿਲੇ ਹਨ। ਕਈ ਸੁਨੇਹਿਆਂ ਵਿਚ ਭੇਜਣ ਵਾਲੇ ਨੇ 26/11 ਵਰਗੇ ਹਮਲਿਆਂ ਦੀ ਚਿਤਾਵਨੀ ਦਿੱਤੀ ਹੈ। ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 26 ਨਵੰਬਰ, 2008 ਨੂੰ ਮੁੰਬਈ ’ਚ ਹੋਏ ਅਤਿਵਾਦੀ ਹਮਲਿਆਂ ਵਿਚ 166 ਲੋਕ ਮਾਰੇ ਗਏ ਸਨ ਤੇ 300 ਹੋਰ ਫੱਟੜ ਹੋ ਗਏ ਸਨ। ਪਾਕਿਸਤਾਨ ਤੋਂ ਆਏ ਤੇ ਵੱਡੀ ਗਿਣਤੀ ਮਾਰੂ ਹਥਿਆਰਾਂ ਨਾਲ ਲੈਸ 10 ਅਤਿਵਾਦੀਆਂ ਨੇ ਭਾਰਤ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਦਹਿਸ਼ਤੀ ਹਮਲੇ ਨੂੰ ਅੰਜ਼ਾਮ ਦਿੱਤਾ ਸੀ। ਇਸੇ ਦੌਰਾਨ ਮਹਾਰਾਸ਼ਟਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਜੀਤ ਪਵਾਰ ਨੇ ਅੱਜ ਕਿਹਾ ਕਿ ਮੁੰਬਈ ਪੁਲੀਸ ਨੂੰ ਮਿਲੇ ਇਨ੍ਹਾਂ ਸੁਨੇਹਿਆਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। -ਪੀਟੀਆਈ
ਮੁੰਬਈ ਪੁਲੀਸ ਨੇ ਪੁੱਛਗਿੱਛ ਲਈ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ
ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਇਹ ਵਿਅਕਤੀ ਮੁੰਬਈ ਨੇੜਲੇ ਵਿਰਾਰ ਇਲਾਕੇ ਨਾਲ ਸਬੰਧਤ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਸੁਨੇਹਿਆਂ ਵਿਚ ਅਤਿਵਾਦੀ ਅਜਮਲ ਕਸਾਬ ਤੇ ਅਲ-ਕਾਇਦਾ ਦੇ ਆਗੂ ਅਲ-ਜ਼ਵਾਹਿਰੀ ਦਾ ਵੀ ਜ਼ਿਕਰ ਹੈ। ਕਮਿਸ਼ਨਰ ਨੇ ਕਿਹਾ ਕਿ ਪੁਲੀਸ ਹੁਣ ਤੱਟੀ ਸੁਰੱਖਿਆ ਉਤੇ ਵੀ ਕੰਮ ਕਰ ਰਹੀ ਹੈ ਤੇ ਤੱਟ ਰੱਖਿਅਕਾਂ ਨਾਲ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ। ਮੁੰਬਈ ਤੱਟ ’ਤੇ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਮੁੰਬਈ ਨੇੜੇ ਰਾਇਗੜ ਤੱਟ ’ਤੇ ਇਕ ਕਿਸ਼ਤੀ ਏਕੇ-47 ਰਾਈਫਲਾਂ ਨਾਲ ਮਿਲੀ ਸੀ। ਇਸ ਦੇ ਨਾਲ ਹੀ ਜਿੰਦਾ ਕਾਰਤੂਸ ਵੀ ਸਨ।