ਗਾਜ਼ੀਪੁਰ (ਉੱਤਰ ਪ੍ਰਦੇਸ਼), 24 ਜੂਨ
ਇੱਥੇ ਪੁਲੀਸ ਨੇ ਜੇਲ੍ਹ ਵਿਚ ਬੰਦ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਮੁਖ਼ਤਾਰ ਅਨਸਾਰੀ ਦੀ ਲਗਜ਼ਰੀ ਕਾਰ ਜ਼ਬਤ ਕੀਤੀ ਹੈ। ਪੁਲੀਸ ਨੇ ਇਸ ਨੂੰ ‘ਬੇਨਾਮੀ ਸੰਪਤੀ’ ਕਰਾਰ ਦਿੱਤਾ ਹੈ। ਗੈਂਗਸਟਰ ਤੋਂ ਸਿਆਸਤਦਾਨ ਬਣਿਆ ਮੁਖ਼ਤਾਰ ਅਨਸਾਰੀ ਇਸ ਵੇਲੇ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿਚ ਬੰਦ ਹੈ। ਡੀਐੱਸਪੀ ਓਜਸਵੀ ਚਾਵਲਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਮਾਫੀਆ ਅਨਸਰਾਂ ਖ਼ਿਲਾਫ਼ ਕਾਰਵਾਈ ਸਬੰਧੀ ਹੁਕਮਾਂ ’ਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਅਨਸਾਰੀ ਦੀ ਕਾਰ ਗਾਜ਼ੀਪੁਰ ਨਗਰ ਦੇ ਸਈਦਵਾੜਾ ’ਚ ਸਥਿਤ ਉਸ ਦੀ ਪਤਨੀ ਅਫ਼ਸਾਂ ਦੇ ਘਰੋਂ ਜ਼ਬਤ ਕੀਤੀ ਗਈ। ਉੱਧਰ ਮੁਖ਼ਤਾਰ ਅਨਸਾਰੀ ਨੂੰ ਪੰਜਾਬ ਦੀ ਇਕ ਜੇਲ੍ਹ ਤੋਂ ਮੁਹਾਲੀ ਦੀ ਇਕ ਅਦਾਲਤ ਤੱਕ ਲਿਆਉਣ ਲਈ ਵਰਤੀ ਗਈ ਐਂਬੂਲੈਂਸ ਦੇ ਫ਼ਰਜ਼ੀ ਦਸਤਾਵੇਜ਼ ਇਸਤੇਮਾਲ ਕੀਤੇ ਜਾਣ ਸਬੰਧੀ ਬਾਰਾਬਾਂਕੀ ਦੇ ਸਾਬਕਾ ਸਹਾਇਕ ਖੇਤਰੀ ਟਰਾਂਸਪੋਰਟ ਅਧਿਕਾਰੀ ਰਾਜੇਸ਼ਵਰ ਯਾਦਵ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਮ ਆਸਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ