ਬਾਰਾਬਾਂਕੀ, (ਉਤਰ ਪ੍ਰਦੇਸ਼), 29 ਜੂਨ
ਬਾਂਦਾ ਜੇਲ੍ਹ ਵਿੱਚ ਬੰਦ ਬਸਪਾ ਵਿਧਾਇਕ ਅਤੇ ਮਾਫ਼ੀਆ ਸਰਗਨਾ ਮੁਖ਼ਤਾਰ ਅੰਸਾਰੀ ਨੇ ਬਾਰਾਬੰਕੀ ਦੀ ਇੱਕ ਅਦਾਲਤ ਨੂੰ ਉਸ ਦੀ ਬੈਰਕ ਵਿੱਚ ਟੀਵੀ ਲਗਵਾਉਣ ਲਈ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਧੋਖਾਧੜੀ ਦੀ ਇੱਕ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਧਾਉਣ ਸਬੰਧੀ ਅੰਸਾਰੀ ਨੂੰ ਵੀਡੀਓ ਕਾਨਫਰੰਸ ਰਾਹੀਂ ਬਾਰਾਬੰਕੀ ਚੀਫ਼ ਜੁਡੀਸ਼ਲ ਮੈਜਿਸਟਰੇਟ ਰਾਕੇਸ਼ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਧੋਖਾਧੜੀ ਮਾਮਲਾ ਬਖ਼ਤਰਬੰਦ ਐਂਬੂਲੈਂਸ ਦੀ ਰਜਿਸਟ੍ਰੇਸ਼ਨ ਨਾਲ ਜੁੜਿਆ ਹੋਇਆ ਹੈ, ਜੋ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਅਤੇ ਸੂਬੇ ਦੀਆਂ ਹੋਰ ਅਦਾਲਤਾਂ ਤੱਕ ਲਿਜਾਣ ਲਈ ਕਥਿਤ ਤੌਰ ’ਤੇ ਵਰਤੀ ਗਈ ਸੀ। ਅੰਸਾਰੀ ਦੇ ਵਕੀਲ ਰਣਧੀਰ ਸਿੰਘ ਸੁਮਨ ਨੇ ਕਿਹਾ ਕਿ ਉਸ ਦੇ ਮੁਵੱਕਿਲ ਨੇ ਅਦਾਲਤ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੋੜਾਂ ਦੇ ਦਰਦ ਦੀ ਸਮੱਸਿਆ ਕਾਰਨ ਉਸ ਨੂੰ ਰੋਜ਼ਾਨਾ ਫਿਜ਼ੀਓਥੈਰੇਪੀ ਦੇਣ ਸਬੰਧੀ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਜਾਣ। ਅੰਸਾਰੀ ਨੇ ਅਦਾਲਤ ਨੂੰ ਦੱਸਿਆ ਕਿ ਇਲਾਜ ਦੇ ਮਾਮਲੇ ਵਿੱਚ ਯੂਪੀ ਸਰਕਾਰ ਉਸ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਹਾਲਾਂਕਿ, ਅਦਾਲਤ ਨੇ ਅੰਸਾਰੀ ਦੀ ਨਿਆਂਇਕ ਹਿਰਾਸਤ 5 ਜੁਲਾਈ ਤੱਕ ਵਧਾ ਦਿੱਤੀ ਹੈ। -ਆਈਏਐੱਨਐੱਸ