ਸ੍ਰੀਨਗਰ, 19 ਅਗਸਤ
ਸ਼ਹਿਰ ਦੇ ਅਬੀ ਗੁਜ਼ਰ ਇਲਾਕੇ ਵਿੱਚ ਮੁਹੱਰਮ ਸੋਗ ਦੇ ਦਸਵੇਂ ਤੇ ਆਖ਼ਰੀ ਦਿਨ ਸਰਕਾਰੀ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਜੋ ਸ਼ੀਆ ਭਾਈਚਾਰੇ ਦੇ ਲੋਕਾਂ ਨੂੰ ਅਸ਼ੂਰਾ ਮੌਕੇ ਜਲੂਸ ਕੱਢਣ ਤੋਂ ਰੋਕਿਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਮੁਹੱਰਮ ਮੌਕੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਕੋਠੀਬਾਗ ਪੁਲੀਸ ਸਟੇਸ਼ਨ ਅਧੀਨ ਪੈਂਦੇ ਇਲਾਕੇ ਅਬੀ ਗੁਜ਼ਰ ਵਿੱਚ ਪਾਬੰਦੀਆਂ ਲਾਈਆਂ ਗਈਆਂ ਹਨ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲੀਸ ਨੇ ਵੀਰਵਾਰ ਨੂੰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਸ਼ੀਆ ਭਾਈਚਾਰੇ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਹ ਜਲੂਸ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਦਸ ਰੋਜ਼ਾ ਮੁਹੱਰਮ ਸੋਗ ਦੇ ਆਖ਼ਰੀ ਦਿਨ ਇਥੇ ਮੁਹੱਰਮ ਜਲੂਸ ਕੱਢਿਆ ਜਾਂਦਾ ਸੀ ਜੋ ਅਬੀ ਗੁਜ਼ਰ, ਲਾਲ ਚੌਕ ਅਤੇ ਡਲਗੇਟ ਇਲਾਕਿਆਂ ਵਿੱਚੋਂ ਗੁਜ਼ਰਦਾ ਸੀ ਪਰ 1990 ਵਿੱਚ ਅਤਿਵਾਦ ਦੇ ਪੈਰ ਪਸਾਰਨ ਕਰ ਕੇ ਇਸ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। -ਪੀਟੀਆਈ
ਉਪ ਰਾਜਪਾਲ ਵੱਲੋਂ ਹੱਕ-ਸੱਚ ਦੇ ਮਾਰਗ ’ਤੇ ਚੱਲਣ ਦੀ ਅਪੀਲ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਵੀਰਵਾਰ ਨੂੰ ਕਿਹਾ ਕਿ ਪੈਗੰਬਰ ਮੁਹੰਮਦ ਦੇ ਪੋਤੇ ਇਮਾਮ ਹੁਸੈਨ ਦੀ ਸ਼ਹੀਦੀ, ਮਨੁੱਖੀ ਅਧਿਕਾਰਾਂ ਦੀ ਬਹਾਲੀ ਅਤੇ ਨਿਆਂ ਦਾ ਸੰਦੇਸ਼ ਦਿੰਦੀ ਹੈ। ਸਿਨਹਾ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ,‘ਅਸ਼ੂਰਾ ਮੌਕੇ ਕਰਬਾਲਾ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਹਜ਼ਰਤ ਇਮਾਮ ਹੁਸੈਨ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ, ਮਨੁੱਖੀ ਮਾਣ ਸਨਮਾਨ ਤੇ ਨਿਆਂ ਦੇ ਨਿਯਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਣ ਦਾ ਸੰਦੇਸ਼ ਦਿੰਦੀ ਹੈ। ਉਪ ਰਾਜਪਾਲ ਨੇ ਲੋਕਾਂ ਨੂੰ ਹੱਕ-ਸੱਚ ਦੇ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਦਿਨ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਤੇ ਖੁਸ਼ਹਾਲੀ ਦੀ ਬਹਾਲੀ ਲਈ ਦੁਆ ਕਰਦੇ ਹਨ। -ਪੀਟੀਆਈ