ਨਵੀਂ ਦਿੱਲੀ, 13 ਮਾਰਚ
ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਅੱਜ ਸਦਨ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅਜਿਹਾ ਕੁਝ ਵੀ ਨਾ ਕਹਿਣ ਜਿਸ ਨਾਲ ਭਾਰਤ ਦੀ ਪਛਾਣ ਖਰਾਬ ਹੋਵੇ। ਉਨ੍ਹਾਂ ਕਿਹਾ ਕਿ ਅਜਿਹੇ ਸ਼ਬਦਾਂ ਨੂੰ ਦੁਸ਼ਮਣ ਦੇਸ਼ ਭਾਰਤ ਦੇ ਖ਼ਿਲਾਫ਼ ਵਰਤ ਸਕਦਾ ਹੈ। ਉਪਰਲੇ ਸਦਨ ਦੇ ਨਵੇਂ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਨਾਇਡੂ ਨੇ ਕਿਹਾ ਕਿ ‘ਚਰਚਾ, ਤਰਕ-ਵਿਤਰਕ ਤੇ ਫ਼ੈਸਲਾ ਲੈਣਾ’ ਲੋਕਤੰਤਰ ਦੇ ਮੰਤਰ ਹਨ। ਮੈਂਬਰਾਂ ਨੂੰ ਅੜਿੱਕੇ ਪਾਉਣ ਤੋਂ ਬਚਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਲੋਕਤੰਤਰ ਵਿਚ ਲਿਖਣ ਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ, ਉੱਥੇ ਨਾਲ ਹੀ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਇਸ ਨਾਲ ‘ਸਮਾਜ ਵਿਚ ਨਫ਼ਰਤ ਦਾ ਭਾਵ ਪੈਦਾ ਨਾ ਹੋਵੇ।’ ਨਾਇਡੂ ਨੇ ਇਸ ਮੌਕੇ ਸਦਨ ਦੇ ਨੇਮ 267 ਦਾ ਵੀ ਹਵਾਲਾ ਦਿੱਤਾ ਜੋ ਕਿ ਸਦਨ ਵਿਚਲੇ ਰੋਜ਼ਾਨਾ ਦੇ ਕੰਮਕਾਜ ਨੂੰ ਪਾਸੇ ਰੱਖ ਕਿਸੇ ਮੁੱਦੇ ਉਤੇ ਵਿਚਾਰ-ਚਰਚਾ ਦੀ ਪ੍ਰਵਾਨਗੀ ਦਿੰਦਾ ਹੈ। ਵਿਰੋਧੀ ਧਿਰਾਂ ਬਜਟ ਸੈਸ਼ਨ ਵਿਚ ਲਗਾਤਾਰ ਕਿਸਾਨਾਂ ਦੇ ਮੁੱਦੇ, ਉੱਚੀਆਂ ਤੇਲ ਕੀਮਤਾਂ ਉਤੇ ਬਹਿਸ ਦੀ ਮੰਗ ਕਰਦੀਆਂ ਰਹੀਆਂ ਹਨ। ਇਸ ਨੇਮ ਦਾ ਹਵਾਲਾ ਦੇ ਕੇ ਉਨ੍ਹਾਂ ਕਈ ਵਾਰ ਸਦਨ ਦੀ ਕਾਰਵਾਈ ਵਿਚ ਅੜਿੱਕਾ ਵੀ ਪਾਇਆ। ਸਦਨ ਦੇ ਚੇਅਰਮੈਨ ਨੇ ਕਿਹਾ ਕਿ ਇਸ ਨਿਯਮ ਦੀ ਵਰਤੋਂ ਹੰਗਾਮੀ ਹਾਲਤ ਵਿਚ ਹੀ ਕੀਤੀ ਜਾ ਸਕਦੀ ਹੈ। ਨਾਇਡੂ ਨੇ ਕਿਹਾ ਕਿ ਬੇਸ਼ੱਕ ਸਿਆਸੀ ਵਖ਼ਰੇਵੇਂ ਤੇ ਇਕ-ਦੂਜੇ ਦਾ ਵਿਰੋਧ ਹੋ ਸਕਦਾ ਹੈ ਪਰ ਮੁਲਕ ਦੀ ਸਾਖ਼ ਖਰਾਬ ਕਰਨ ਵਾਲੀਆਂ ਟਿੱਪਣੀਆਂ ਤੋਂ ਬਚਣਾ ਚਾਹੀਦਾ ਹੈ। ਨਾਇਡੂ ਨੇ ਨਾਲ ਹੀ ਕਿਹਾ ਕਿ ਵੱਡੇ ਬਹੁਮਤ ਦਾ ਇਸਤੇਮਾਲ ਸਾਰੀਆਂ ਧਿਰਾਂ ਕਰਦੀਆਂ ਰਹੀਆਂ ਹਨ। ਅਜਿਹਾ ਨਹੀਂ ਹੈ ਕਿ ਕਿਸੇ ਇਕ ਪਾਰਟੀ ਜਾਂ ਵਿਰੋਧੀ ਧਿਰ ਨੇ ਅਜਿਹਾ ਕੀਤਾ ਹੈ। ਬਹੁਮੱਤ ਲੋਕ ਦਿੰਦੇ ਹਨ ਤੇ ਇਸ ਦਾ ਫ਼ੈਸਲਾ ਸਦਨ ਵਿਚ ਹੁੰਦਾ ਹੈ। -ਪੀਟੀਆਈ