ਮੋਰਬੀ (ਗੁਜਰਾਤ), 2 ਨਵੰਬਰ
ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਨੂੰ ਡਿੱਗੇ ਪੁਲ ਦੀ ਮੁਰੰਮਤ ਕਰਨ ਵਾਲੇ ਠੇੇਕੇਦਾਰ ਯੋਗ ਨਹੀਂ ਸਨ, ਕਿਉਂਕਿ ਉਨ੍ਹਾਂ ਕੋਲ ਅਜਿਹੇ ਕਿਸੇ ਕੰਮ ਦਾ ਕੋਈ ਤਜਰਬਾ ਨਹੀਂ ਸੀ। ਇਹ ਦਾਅਵਾ ਇਸਤਗਾਸਾ ਧਿਰ ਨੇ ਸਥਾਨਕ ਕੋਰਟ ਵਿੱਚ ਕੀਤਾ ਹੈ।
ਸਰਕਾਰੀ ਵਕੀਲਾਂ ਨੇ ਫੋਰੈਂਸਿਕ ਰਿਪੋਰਟ ਦੇ ਹਵਾਲੇ ਨਾਲ ਮੈਜਿਸਟਰੇਟੀ ਕੋਰਟ ਨੂੰ ਦੱਸਿਆ ਕਿ ਪੁਲ ਦੀ ਮੁਰੰਮਤ ਦੌਰਾਨ ਇਸ ਦਾ ਫ਼ਰਸ਼ (ਫਲੋਰਿੰਗ) ਤਾਂ ਬਦਲਿਆ ਗਿਆ, ਪਰ ਪੁਲ ਜਿਸ ਕੇਬਲ ’ਤੇ ਝੂਲਦਾ ਸੀ, ਉਸ ਨੂੰ ਬਦਲਣ ਦੀ ਜ਼ਹਿਮਤ ਨਹੀਂ ਕੀਤੀ ਗਈ। ਪੁਲ ਤਬਦੀਲ ਕੀਤੇ ਫਰਸ਼ ਦਾ ਭਾਰ ਵੀ ਨਹੀਂ ਚੁੱਕ ਸਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਦਿਨ ਸੂਬੇ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਮੋਰਬੀ ਪੁਲ ਹਾਦਸੇ ਦੀ ‘ਤਫ਼ਸੀਲੀ ਤੇ ਵਿਆਪਕ’ ਜਾਂਚ ਕਰਵਾਉਣ ਦਾ ਸੱਦਾ ਦਿੱਤਾ ਸੀ। ਸ੍ਰੀ ਮੋਦੀ ਨੇ ਕਿਹਾ ਸੀ ਕਿ ਇਸ ਹਾਦਸੇ ਤੋਂ ਮਿਲੇ ਅਹਿਮ ਸਬਕਾਂ ਨੂੰ ਛੇਤੀ ਤੋਂ ਛੇਤੀ ਅਮਲ ਵਿੱਚ ਲਿਆਂਦਾ ਜਾਵੇ। ਐਤਵਾਰ ਸ਼ਾਮ ਨੂੰ ਡਿੱਗੇ ਪੁਲ ਕਰਕੇ 135 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਇਸ ਦੌਰਾਨ ਮੋਰਬੀ ਤੇ ਰਾਜਕੋਟ ਬਾਰ ਐਸੋਸੀਏਸ਼ਨਾਂ ਨੇ ਇਕ ਮਤਾ ਪਾਸ ਕਰਕੇ ਪੁਲ ਹਾਦਸੇ ਦੇ ਮੁਲਜ਼ਮਾਂ ਦਾ ਕੇਸ ਲੜਨ ਤੋਂ ਨਾਂਹ ਕਰ ਦਿੱਤੀ ਹੈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੋਰਬੀ ਪੁਲ ਹਾਦਸੇ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਨਿਆਂਇਕ ਕਮਿਸ਼ਨ ਗਠਿਤ ਕੀਤੇ ਜਾਣ ਦੀ ਮੰਗ ਕੀਤੀ ਹੈ। ਚੀਫ਼ ਜੁਡੀਸ਼ਲ ਮੈਜਿਸਟਰੇਟ ਐੱਮ.ਜੇ.ਖ਼ਾਨ ਨੇ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮਾਂ- ਓਰੇਵਾ ਗਰੁੱਪ ਦੇ ਦੋ ਮੈਨੇਜਰਾਂ ਤੇ ਦੋ ਸਬ-ਕੰਟਰੈਕਟਰਾਂ (ਠੇਕੇਦਾਰਾਂ), ਜਿਨ੍ਹਾਂ ਪੁਲ ਦੀ ਮੁਰੰਮਤ ਕੀਤੀ ਸੀ, ਨੂੰ ਸ਼ਨਿਚਰਵਾਰ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸਤਗਾਸਾ ਧਿਰ ਦੇ ਵਕੀਲ ਐੱਚ.ਐੱਸ.ਪਾਂਚਾਲ ਨੇ ਕਿਹਾ ਕਿ ਕੋਰਟ ਨੇ ਗ੍ਰਿਫਤਾਰ ਕੀਤੇ ਪੰਜ ਹੋਰਨਾਂ ਵਿਅਕਤੀਆਂ, ਜਿਨ੍ਹਾਂ ਵਿਚ ਸੁਰੱਖਿਆ ਗਾਰਡ ਤੇ ਟਿਕਟ ਬੁੱਕ ਕਰਨ ਵਾਲੇ ਕਲਰਕ ਸ਼ਾਮਲ ਹਨ, ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਪੁਲੀਸ ਨੇ ਇਨ੍ਹਾਂ ਵਿਚੋਂ ਕਿਸੇ ਦੀ ਵੀ ਹਿਰਾਸਤ ਨਹੀਂ ਮੰਗੀ ਸੀ। ਪੁਲੀਸ ਨੇ ਸੋਮਵਾਰ ਨੂੰ ਆਈਪੀਸੀ ਦੀ ਧਾਰਾ 304 (ਗੈਰ ਇਰਾਦਤਨ ਕਤਲ) ਤਹਿਤ 9 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਸੀ। ਜਿਨ੍ਹਾਂ ਚਾਰ ਮੁੁਲਜ਼ਮਾਂ ਨੂੰ ਪੁਲੀਸ ਹਿਰਾਸਤ ਵਿੱਚ ਭੇਜਿਆ ਗਿਆ ਹੈ, ਉਨ੍ਹਾਂ ਵਿਚ ਓਰੇਵਾ ਦੇ ਮੈਨੇਜਰ ਦੀਪਕ ਪਾਰਿਖ ਤੇ ਦਿਨੇਸ਼ ਦਵੇ, ਅਤੇ ਮੁਰੰਮਤ ਕਰਨ ਵਾਲੇ ਠੇਕੇਦਾਰ ਪ੍ਰਕਾਸ਼ ਪਰਮਾਰ ਤੇ ਦੇਵਾਂਗ ਪਰਮਾਰ ਸ਼ਾਮਲ ਹਨ। ਇਨ੍ਹਾਂ ਦੋਵਾਂ ਠੇਕੇਦਾਰਾਂ ਦੀ ਓਰੇਵਾ ਗਰੁੱਪ ਨੇ ਸੇਵਾਵਾਂ ਲਈਆਂ ਸਨ।
ਪਾਂਚਾਲ ਨੇ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫਐੱਸਐੱਲ) ਰਿਪੋਰਟ ਦੇ ਹਵਾਲੇ ਨਾਲ ਕੋਰਟ ਨੂੰ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਦਾ ਮੰਨਣਾ ਹੈ ਕਿ ਪੁਲ ਦੀ ਮੁੱਖ ਕੇਬਲ ਨਵੇਂ ਫਰਸ਼ ਦੇ ਵਜ਼ਨ ਕਰਕੇ ਟੁੱਟੀ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘‘ਫੋਰੈਂਸਿਕ ਰਿਪੋਰਟ ਸੀਲਬੰਦ ਲਿਫਾਫੇ ਵਿਚ ਕੋਰਟ ਨੂੰ ਸੌਂਪੀ ਗਈ ਹੈ, ਰਿਮਾਂਡ ਦੀ ਅਰਜ਼ੀ ਦੌਰਾਨ ਇਹ ਜ਼ਿਕਰ ਕੀਤਾ ਗਿਆ ਕਿ ਮੁਰੰਮਤ ਦੌਰਾਨ ਪੁਲ ਦੀਆਂ ਕੇਬਲਾਂ ਨਹੀਂ ਬਦਲੀਆਂ ਗਈਆਂ ਤੇ ਉਦੋਂ ਸਿਰਫ਼ ਇਸ ਦਾ ਫਰਸ਼ ਹੀ ਤਬਦੀਲ ਕੀਤਾ ਗਿਆ ਸੀ…ਫਲੋਰਿੰਗ ਲਈ ਚਾਰ ਪਰਤੀ ਐਲੂਮੀਨੀਅਮ ਦੀਆਂ ਸ਼ੀਟਾਂ ਵਰਤਣ ਕਰਕੇ ਪੁਲ ਦਾ ਭਾਰ ਵਧ ਗਿਆ ਤੇ ਵਜ਼ਨ ਕਰਕੇ ਕੇਬਲ ਟੁੱਟ ਗਈ।’’ ਕੋਰਟ ਨੂੰ ਇਹ ਵੀ ਦੱਸਿਆ ਗਿਆ ਕਿ ਮੁਰੰਮਤ ਦਾ ਕੰਮ ਕਰਨ ਵਾਲੇ ਦੋਵਾਂ ਠੇਕੇਦਾਰਾਂ ਨੂੰ ਪਹਿਲਾਂ ਇਸ ਕੰਮ ਦਾ ਕੋਈ ਤਜਰਬਾ ਨਹੀਂ ਸੀ ਤੇ ਨਾ ਹੀ ਉਹ ਅਜਿਹੇ ਕਿਸੇ ਕੰਮ ਦੇ ਕਾਬਲ ਸਨ। ਇਸਤਗਾਸਾ ਧਿਰ ਨੇ ਕਿਹਾ, ‘‘ਇਸ ਦੇ ਬਾਵਜੂਦ ਠੇੇਕੇਦਾਰਾਂ ਨੂੰ ਪਹਿਲਾਂ 2007 ਤੇ ਮਗਰੋਂ 2022 ਵਿੱਚ ਪੁਲ ਦੀ ਮੁਰੰਮਤ ਦਾ ਕੰਮ ਦਿੱਤਾ ਗਿਆ। ਲਿਹਾਜ਼ਾ ਠੇਕੇਦਾਰਾਂ ਦੀ ਚੋਣ ਤੇ ਉਨ੍ਹਾਂ ਦੀ ਚੋਣ ਕਿਸ ਦੇ ਕਹਿਣ ’ਤੇ ਕੀਤੀ ਗਈ, ਦੇ ਜਵਾਬ ਜਾਣਨ ਲਈ ਮੁਲਜ਼ਮਾਂ ਨੂੰ ਹਿਰਾਸਤ ’ਚ ਲੈਣ ਦੀ ਲੋੜ ਹੈ।’’ -ਪੀਟੀਆਈ
ਸਰਕਾਰੀ ਹਸਪਤਾਲਾਂ ਨੂੰ ਰਾਤੋ-ਰਾਤ ਚਮਕਾ ਕੇ ‘ਗੁਜਰਾਤ ਹਸਪਤਾਲ ਮਾਡਲ’ ਦਾ ਨਾਂ ਦਿੱਤਾ ਜਾਵੇ: ਐੱਨਸੀਪੀ
ਮੁੰਬਈ: ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਨੇ ਕੇਂਦਰ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਮੋਰਬੀ ਸਿਵਲ ਹਸਪਤਾਲ ਦੀ ‘ਰਾਤੋ ਰਾਤ ਕਾਇਆਕਲਪ ਕੀਤੇ ਜਾਣ ਦੀ ਯੋਜਨਾ’ ਨੂੰ ਦੇਸ਼ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਲਾਗੂ ਕੀਤਾ ਜਾਵੇ ਤੇ ਇਸ ਨੂੰ ‘ਗੁਜਰਾਤ ਹਸਪਤਾਲ ਮਾਡਲ’ ਦਾ ਨਾਂ ਦਿੱਤਾ ਜਾਵੇ। ਚੇਤੇ ਰਹੇ ਕਿ ਮੋਰਬੀ ਦੇ ਸਿਵਲ ਹਸਪਤਾਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਜਵੀਜ਼ਤ ਫੇਰੀ ਤੋਂ ਇਕ ਦਿਨ ਪਹਿਲਾਂ ‘ਰਾਤੋ ਰਾਤ’ ਰੰਗ ਰੋਗਨ ਕਰਕੇ ਚਮਕਾਇਆ ਗਿਆ ਸੀ। ਇਸ ਹਸਪਤਾਲ ਵਿੱਚ ਮੋਰਬੀ ਪੁਲ ਹਾਦਸੇ ਦੇ ਜ਼ਖ਼ਮੀ ਦਾਖ਼ਲ ਸਨ, ਜਿਨ੍ਹਾਂ ਦਾ ਪਤਾ ਲੈਣ ਲਈ ਪ੍ਰਧਾਨ ਮੰਤਰੀ ਨੇ ਆਉਣਾ ਸੀ। ਉਧਰ ਗੁਜਰਾਤ ਦੇ ਮੋਰਬੀ ਵਿੱਚ ਸ਼ਮਸ਼ਾਨਘਾਟਾਂ ਤੇ ਕਬਰਿਸਤਾਨਾਂ ਦੀ ਸਾਂਭ ਸੰਭਾਲ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦਹਾਕਿਆਂ ’ਚ ਇੰਨੇ ਘੱਟ ਸਮੇਂ ’ਚ ਇੰਨੀ ਵੱਡੀ ਗਿਣਤੀ ’ਚ ਮ੍ਰਿਤਕ ਦੇਹਾਂ ਦੀ ਆਮਦ ਨਹੀਂ ਵੇਖੀ। ਮੋਰਬੀ ਵਿੱਚ ਸੁੰਨੀ ਮੁਸਲਮਾਨਾਂ ਲਈ ਸਭ ਤੋਂ ਵੱਡੇ ਕਬਰਿਸਤਾਨ ਦੇ ਪ੍ਰਬੰਧਕ ਸਾਜਿਦ ਪਿਲੂਦੀਆ ਨੇ ਕਿਹਾ ਕਿ ਪੁਲ ਹਾਦਸੇ ਵਿੱਚ ਮੁਸਲਿਮ ਭਾਈਚਾਰੇ ਦੇ ਘੱਟੋ-ਘੱਟ 40 ਮੈਂਬਰਾਂ ਦੀ ਮੌਤ ਹੋਈ ਹੈ। ਪਿਲੂਦੀਆ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਹਾਦਸਾ ਵਾਪਰਿਆ ਹੈ। -ਪੀਟੀਆਈ
ਗੁਜਰਾਤ ਭਰ ਵਿੱਚ ਸੋਗ ਮੀਟਿੰਗਾਂ
ਅਹਿਮਦਾਬਾਦ: ਮੋਰਬੀ ਤ੍ਰਾਸਦੀ ਵਿੱਚ ਮਾਰੇ ਗਏ ਲੋਕਾਂ ਲਈ ਅੱਜ ਗੁਜਰਾਤ ਵਿਚ ਮਨਾਏ ਰਾਜਸੀ ਸੋਗ ਦੀ ਲੜੀ ਵਿੱਚ ਅਹਿਮਦਾਬਾਦ ਤੇ ਸੂਰਤ ਦੇ ਨਿਗਮਾਂ ਵੱਲੋਂ ਸੋਗ ਮੀਟਿੰਗਾਂ ਕੀਤੀਆਂ ਗਈਆਂ। ਅਹਿਮਦਾਬਾਦ ਨਗਰ ਨਿਗਮ ਵੱਲੋਂ ਵਿਉਂਤੀ ਮੀਟਿੰਗ ਵਿੱਚ ਮੁੱਖ ਮੰਤਰੀ ਭੁਪੇਂਦਰ ਪਟੇਲ ਸ਼ਾਮਲ ਹੋਏ। ਉਂਜ ਰਾਜਸੀ ਸੋਗ ਦੌਰਾਨ ਰਾਜਧਾਨੀ ਗਾਂਧੀਨਗਰ ਵਿਚਲੇ ਸੂਬਾਈ ਸਕੱਤਰੇਤ ਤੇ ਸੂਬਾ ਸਰਕਾਰ ਦੀਆਂ ਹੋਰਨਾਂ ਦਫ਼ਤਰਾਂ ਵਿੱਚ ਝੰਡੇ ਅੱਧੇ ਝੁਕੇ ਰਹੇ। ਸਾਰੇ ਸਰਕਾਰੀ ਤੇ ਹੋਰਨਾਂ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ। -ਪੀਟੀਆਈ
ਡਿੱਗੇ ਪੁਲ ਨਾਲ ਸੈਲਫੀਆਂ ਲੈ ਰਹੇ ਨੇ ਲੋਕ
ਮੋਰਬੀ (ਟਨਸ): ਗੁਜਰਾਤ ਦੇ ਮੋਰਬੀ ਵਿੱਚ ਮੱਛੂ ਨਦੀ ਦਾ ਸੌ ਸਾਲ ਪੁਰਾਣਾ ਪੁਲ ਭਾਵੇਂ ਡਿੱਗ ਗਿਆ ਹੈ ਪਰ ਲੋਕਾਂ ਦੀਆਂ ਸੰਵੇਦਨਾਵਾਂ ਖ਼ਤਮ ਹੋ ਗਈਆਂ ਹਨ ਤੇ ਉਹ ਹਾਦਸੇ ਦੀ ਪ੍ਰਵਾਹ ਕੀਤੇ ਬਿਨ੍ਹਾਂ ਸੈਲਫੀਆ ਖਿੱਚ ਰਹੇ ਹਨ। ਸੁਮਿਤਾਬੇਨ ਨਾਮ ਦੀ ਔਰਤ ਟੁੱਟ ਕੇ ਅੱਧ-ਵਿਚਾਲੇ ਲਟਕੇ ਪੁਲ ਦੀ ਆਪਣੇ ਲੜਕੇ ਨਾਲ ਸੈਲਫੀ ਲੈਣਾ ਚਾਹੁੰਦੀ ਸੀ। ਇਸ ਦੌਰਾਨ ਦੋ ਪੁਲੀਸ ਮੁਲਾਜ਼ਮ ਰੌਲਾ ਪਾਉਂਦੇ ਆਏ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਹੈੱਡ ਕਾਂਸਟੇਬਲ ਭਾਰਤਭਾਈ ਅਹੀਰ ਅਤੇ ਸ਼ਕਤੀ ਸਿੰਘ ਦੀ ਡਿਊਟੀ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰੱਖਣ ਦੀ ਹੈ। ਉਨ੍ਹਾਂ ਦੇ ਕਹਿਣ ’ਤੇ ਸੁਮਿਤਾਬੇਨ ਉੱਥੋਂ ਚਲੀ ਗਈ। ਉਹ ਆਪਣੇ ਪਰਿਵਾਰ ਨਾਲ ਰਾਜਕੋਟ ਤੋਂ ਇਹ ਘਟਨਾ ਸਥਾਨ ਦੇਖਣ ਆਈ ਹੋਈ ਸੀ। ਸੁਮਿਤਾਬੇਨ ਇਕੱਲੀ ਸੈਲਾਨੀ ਨਹੀਂ, ਜਿਸ ਲਈ ਇਹ ਸੈਰ-ਸਪਾਟਾ ਸਥਾਨ ਬਣਿਆ ਹੋਇਆ ਹੈ। ਇਸ ਪੱਤਰਕਾਰ ਨੇ ਘਟਨਾ ਸਥਾਨ ’ਤੇ ਲੋਕਾਂ ਦੀ ਭੀੜ ਦੇਖੀ ਹੈ ਜਿਸ ਕਾਰਨ ਰਾਹਤ ਕਾਰਜਾਂ ਵਿੱਚ ਮੁਸ਼ਕਲ ਆ ਰਹੀ ਹੈ। ਦੂਰ-ਦੁਰਾਡੇ ਜਾਣ ਵਾਲੇ ਲੋਕ ਮੋਰਬੀ ਰਾਹੀਂ ਹੋ ਕੇ ਜਾ ਰਹੇ ਹਨ ਅਤੇ
ਯਾਤਰਾ ਦੌਰਾਨ ਘਟਨਾ ਵਾਲੀ ਥਾਂ ਦਾ ਦੌਰਾ ਕਰ ਰਹੇ ਹਨ। ਇਸ ਪੱਤਰਕਾਰ ਨੇ ਮੇਹਸਾਨਾ ਦੇ ਅੰਕਿਤ ਨਾਲ ਵੀ ਮੁਲਾਕਾਤ ਕੀਤੀ। ਉਸ ਨੇ ਆਪਣੇ ਪਰਿਵਾਰ ਨਾਲ ਗੁਆਂਢ ਵਿੱਚ ਕਿਸੇ ਹੋਰ ਥਾਂ ਜਾਣਾ ਸੀ, ਪਰ ਉਹ ਵੀ ਆਪਣੇ ਪਰਿਵਾਰ ਨਾਲ ਘਟਨਾ ਸਥਾਨ ਦੇਖਣ ਆਇਆ ਹੋਇਆ ਸੀ।
ਮੋਰਬੀ ਦੇ ਜ਼ਿਲ੍ਹਾ ਕੁਲੈਕਟਰ ਟੀ.ਕੇ. ਪਾਂਡਿਆ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਇੱਕ ਵਿਅਕਤੀ ਲਾਪਤਾ ਹੈ। ਬਚਾਅ ਟੀਮਾਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘‘ਪੁਲੀਸ, ਫਾਇਰ ਬ੍ਰਿਗੇਡ, ਐੱਨਡੀਆਰਐੱਫ ਅਤੇ ਫ਼ੌਜ ਦੀਆਂ ਟੀਮਾਂ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਬਚਾਅ ਕਾਰਜ ਕੁੱਝ ਸਮਾਂ ਹੋਰ ਜਾਰੀ ਰੱਖਾਂਗੇ।’’
ਜ਼ਿਕਰਯੋਗ ਹੈ ਕਿ 30 ਅਕਤੂਬਰ ਨੂੰ ਮੱਛੂ ਦਰਿਆ ’ਤੇ ਬਣਿਆ ਸੌ ਸਾਲ ਪੁਰਾਣਾ ਪੁਲ ਡਿੱਗ ਗਿਆ ਸੀ। ਹੁਣ ਤੱਕ 134 ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਪੁਲ ਮੁਰੰਮਤ ਮਗਰੋਂ ਲੋਕਾਂ ਲਈ ਮੁੜ ਖੋਲ੍ਹਿਆ ਗਿਆ ਸੀ। ਮ੍ਰਿਤਕਾਂ ਦੀਆਂ ਲਾਸ਼ਾਂ ਜੀਐੱਮਈਆਰਐੱਸ ਜਨਰਲ ਹਸਪਤਾਲ ਮੋਰਬੀ ਵਿੱਚ ਰੱਖੀਆਂ ਹੋਈਆਂ ਹਨ। ਇਸ ਹਸਪਤਾਲ ਦੇ ਪ੍ਰਸ਼ਾਸਨਿਕ ਅਧਿਕਾਰੀ ਡਾ. ਜੀਤੇਂਦਰ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਨੂੰ ਲਗਪਗ 6.30 ਵਜੇ ਵਾਪਰੀ ਸੀ। 12 ਘੰਟਿਆਂ ਮਗਰੋਂ 132 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ 40 ਤੋਂ ਵੱਧ ਬੱਚੇ ਸਨ। ਦੋ ਲਾਸ਼ਾਂ ਸੋਮਵਾਰ ਨੂੰ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਦੀ ਪ੍ਰਾਈਵੇਟ ਹਸਪਤਾਲ ਵਿੱਚ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਕੁੱਲ ਗਿਣਤੀ 135 ਹੋ ਗਈ ਹੈ। ਇੱਥੇ ਘਟਨਾ ਸਥਾਨ ’ਤੇ ਜੁਟੇ ਉਤਸੁਕ ਦਰਸ਼ਕਾਂ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਹਾਦਸੇ ਵਿੱਚ ਸਿਰਫ਼ 135 ਜਾਂ 136 ਮੌਤਾਂ ਹੋਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਉਨ੍ਹਾਂ ਸਰਕਾਰ ’ਤੇ ਮੌਤਾਂ ਦੀ ਗਿਣਤੀ ਘਟਾ ਕੇ ਦੱਸਣ ਦਾ ਦੋਸ਼ ਲਾਇਆ।