ਨਵੀਂ ਦਿੱਲੀ, 11 ਸਤੰਬਰ
ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਚਾਲੂ ਵਿੱਤੀ ਵਰ੍ਹੇ ’ਚ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਮਨਫ਼ੀ 11.5 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਭਾਰਤ ਦਾ ਕਰਜ਼ਾ ਕੁੱਲ ਜੀਡੀਪੀ ਦਾ 90 ਫੀਸਦ ਹੋ ਜਾਵੇਗਾ, ਜੋ ਪਿਛਲੇ ਸਾਲ 72 ਫੀਸਦ ਸੀ। ਇਸ ਦੇ ਨਾਲ ਹੀ ਕੁੱਲ ਕੇਂਦਰੀ ਘਾਟਾ 7.5 ਫੀਸਦ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਏਜੰਸੀ ਨੇ ਹਾਲਾਂਕਿ 2021-22 ’ਚ ਭਾਰਤੀ ਅਰਥਚਾਰੇ ਵੱਲੋਂ 10.6 ਫੀਸਦ ਦੀ ਵਿਕਾਸ ਦਰ ਹਾਸਲ ਕਰਨ ਦਾ ਵੀ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ ਆਲਮੀ ਰੇਟਿੰਗ ਏਜੰਸੀ ਫਿੱਚ ਤੇ ਇੰਡੀਆ ਰੇਟਿੰਗਜ਼ ਨੇ ਚਾਲੂ ਵਿੱਤੀ ਵਰ੍ਹੇ ’ਚ ਭਾਰਤ ਦੀ ਵਿਕਾਸ ਦਰ ਕ੍ਰਮਵਾਰ ਮਨਫੀ 9 ਤੇ 11.8 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ।