ਨਵੀਂ ਦਿੱਲੀ, 23 ਜੂਨ
ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਬੁੱਧਵਾਰ ਨੂੰ ਸਾਲ 2021 ਲਈ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ ਘਟਾ ਕੇ 9.6 ਫ਼ੀਸਦ ਕਰ ਦਿੱਤਾ ਹੈ ਜੋ ਪਿਛਲੇ ਅਨੁਮਾਨ ਮੁਤਾਬਕ 13.9 ਫ਼ੀਸਦ ਸੀ। ਮੂਡੀਜ਼ ਨੇ ਇਹ ਵੀ ਕਿਹਾ ਕਿ ਤੇਜ਼ੀ ਨਾਲ ਟੀਕਾਕਰਨ ਕਾਰਨ ਜੂਨ ਤਿਮਾਹੀ ’ਚ ਆਰਥਿਕ ਨੁਕਸਾਨ ਸੀਮਤ ਰਹਿਣਗੇ। ਮੂਡੀਜ਼ ਨੇ ਕੋਵਿਡ-19 ਦੀ ਦੂਜੀ ਲਹਿਰ ਕਾਰਨ ਆਰਥਿਕ ਝਟਕਿਆਂ ਬਾਰੇ ਆਪਣੀ ਰਿਪੋਰਟ ’ਚ ਕਿਹਾ ਕਿ ਆਰਥਿਕ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਕੋਵਿਡ ਦੀ ਦੂਜੀ ਲਹਿਰ ਨੇ ਅਪਰੈਲ ਅਤੇ ਮਈ ’ਚ ਭਾਰਤ ਦੇ ਅਰਥਚਾਰੇ ਨੂੰ ਪ੍ਰਭਾਵਿਤ ਕੀਤਾ ਹੈ। ਉਂਜ ਸੂਬਿਆਂ ਵੱਲੋਂ ਪਾਬੰਦੀਆਂ ’ਚ ਢਿੱਲ ਦਿੱਤੇ ਜਾਣ ਨਾਲ ਇਸ ’ਚ ਸੁਧਾਰ ਦੀ ਉਮੀਦ ਨਜ਼ਰ ਆ ਰਹੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵਾਇਰਸ ਦੀ ਵਾਪਸੀ ਨਾਲ 2021 ’ਚ ਭਾਰਤ ਦੇ ਵਿਕਾਸ ਅਨੁਮਾਨਾਂ ਨੂੰ ਲੈ ਕੇ ਬੇਯਕੀਨੀ ਵਧੀ ਹੈ। ਉਂਜ ਇਹ ਸੰਭਾਵਨਾ ਹੈ ਕਿ ਆਰਥਿਕ ਨੁਕਸਾਨ ਅਪਰੈਲ-ਜੂਨ ਦੀ ਤਿਮਾਹੀ ਤੱਕ ਹੀ ਸੀਮਤ ਰਹੇਗਾ। ਮੂਡੀਜ਼ ਨੇ ਕਿਹਾ,‘‘ਸਾਨੂੰ ਸਾਲ 2021 ’ਚ ਭਾਰਤ ਦੀ ਅਸਲ ਜੀਡੀਪੀ 9.6 ਫ਼ੀਸਦ ਅਤੇ 2022 ’ਚ 7 ਫ਼ੀਸਦ ਦੀ ਦਰ ਨਾਲ ਵਧਣ ਦੀ ਉਮੀਦ ਹੈ।’’ ਇਸ ਮਹੀਨੇ ਦੇ ਸ਼ੁਰੂ ’ਚ ਮੂਡੀਜ਼ ਨੇ ਮਾਰਚ 2022 ਨੂੰ ਖ਼ਤਮ ਹੋਣ ਵਾਲੇ ਵਿੱਤੀ ਵਰ੍ਹੇ ’ਚ ਵਿਕਾਸ ਦਰ 9.3 ਫ਼ੀਸਦ ਰਹਿਣ ਦਾ ਅੰਦਾਜ਼ਾ ਲਾਇਆ ਸੀ ਪਰ ਕਰੋਨਾ ਦੀ ਦੂਜੀ ਲਹਿਰ ਨੇ ਇਸ ’ਤੇ ਪਾਣੀ ਪਾ ਦਿੱਤਾ ਹੈ। -ਪੀਟੀਆਈ