ਮੁੰਬਈ, 1 ਜੁਲਾਈ
ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਅੱਜ ਇਥੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋ ਕੇ ਮਨੀ ਲਾਂਡਰਿੰਗ ਦੀ ਜਾਂਚ ਨਾਲ ਜੁੜੇ ਕੇਸ ਵਿੱਚ ਆਪਣੇ ਬਿਆਨ ਦਰਜ ਕਰਵਾਏ। ਈਡੀ ਨੇ ਉਨ੍ਹਾਂ ਤੋਂ ਕਰੀਬ 10 ਘੰਟੇ ਪੁੱਛਗਿੱਛ ਕੀਤੀ। ਰਾਊਤ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਸੰਘੀ ਏਜੰਸੀ ਦੇ ਇਥੇ ਦੱਖਣੀ ਮੁੰਬਈ ਵਿੱਚ ਬਲਾਰਡ ਅਸਟੇਟ ਸਥਿਤ ਈਡੀ ਦਫ਼ਤਰ ਵਿੱਚ ਪੁੱਜੇ ਸਨ ਤੇ ਰਾਤ 10.30 ’ਤੇ ਉਹ ਦਫ਼ਤਰ ਵਿੱਚੋਂ ਬਾਹਰ ਆਏ। ਏਜੰਸੀ ਦੇ ਦਫ਼ਤਰ ਬਾਹਰ ਸ਼ਿਵ ਸੈਨਿਕਾਂ ਦੀ ਮੌਜੂਦਗੀ ਕਰਕੇ ਉਥੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਸਨ। ਈਡੀ ਦਫ਼ਤਰ ਨੂੰ ਜਾਂਦੀਆਂ ਸਾਰੀਆਂ ਸੜਕਾਂ ’ਤੇ ਰੋਕਾਂ ਲਾਈਆਂ ਹੋਈਆਂ ਸਨ। ਈਡੀ ਦਫ਼ਤਰ ਵਿੱਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਕਿਹਾ, ‘ਮੈਂ ਏਜੰਸੀ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਵਾਂਗਾ।’ -ਪੀਟੀਆਈ