ਕੋਲਕਾਤਾ, 25 ਦਸੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਵਿਚ ‘ਪੀਐਮ-ਕਿਸਾਨ’ ਸਕੀਮ ਲਾਗੂ ਨਾ ਹੋਣ ਬਾਰੇ ਅੱਧਾ ਸੱਚ ਬਿਆਨ ਰਹੇ ਹਨ ਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਟੀਐਮਸੀ ਸਰਕਾਰ ਰਾਜ ਵਿਚ ਕਿਸਾਨਾਂ ਨੂੰ ਕੇਂਦਰੀ ਸਕੀਮ ਦਾ ਲਾਭ ਨਹੀਂ ਲੈਣ ਦੇ ਰਹੀ ਹੈ। ਪਾਰਟੀ ਨੇ ਕਿਹਾ ਕਿ ਲੱਖਾਂ ਕਿਸਾਨਾਂ ਨੇ ਕੇਂਦਰੀ ਪੋਰਟਲ ’ਤੇ ਰਜਿਸਟਰੇਸ਼ਨ ਕੀਤੀ ਸੀ ਪਰ ਨਗ਼ਦੀ ਦਾ ਲਾਭ ਨਹੀਂ ਮਿਲਿਆ। ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਟੀਵੀ ਉਤੇ ਆ ਕੇ ਕਿਸਾਨਾਂ ਲਈ ਫ਼ਿਕਰਮੰਦੀ ਜ਼ਾਹਿਰ ਕਰਨ ਦੀ ਬਜਾਏ ਉਨ੍ਹਾਂ ਦੇ ਮਸਲੇ ਹੱਲ ਕਰਨ ਲਈ ਸਰਗਰਮੀ ਨਾਲ ਕੰਮ ਕਰਨ ਦੀ ਲੋੜ ਹੈ। ਬੈਨਰਜੀ ਨੇ ਮੋਦੀ ਵੱਲੋਂ ਸਕੀਮ ਲਾਗੂ ਕਰਨ ਵਿਚ ਰਾਜ ਸਰਕਾਰ ਦਾ ਸਹਿਯੋਗ ਨਾ ਮਿਲਣ ਦੇ ਲਾਏ ਦੋਸ਼ਾਂ ਨੂੰ ਰੱਦ ਕਰ ਦਿੱਤਾ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਦੋ ਪੱਤਰ ਲਿਖੇ ਹਨ ਤੇ ਦੋ ਦਿਨ ਪਹਿਲਾਂ ਫੋਨ ਉਤੇ ਗੱਲਬਾਤ ਵੀ ਹੋਈ ਹੈ। ਸੂਬੇ ਦੀ ਮੁੱਖ ਮੰੰਤਰੀ ਨੇ ਕਿਹਾ ਕਿ ਉਲਟਾ ਕੇਂਦਰ ਸਰਕਾਰ ਸਹਿਯੋਗ ਨਹੀਂ ਕਰ ਰਹੀ ਤੇ ਸਿਆਸੀ ਫਾਇਦੇ ਲਈ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।
-ਪੀਟੀਆਈ
ਕਾਰਪੋਰੇਟਾਂ ਦੀ ‘ਚੌਕੀਦਾਰ’ ਬਣੀ ਭਾਜਪਾ: ਰਾਜਭਰ
ਬਲੀਆ: ਯੂਪੀ ਦੀ ਸਿਆਸੀ ਧਿਰ ‘ਐੱਸਬੀਐੱਸਪੀ’ ਦੇ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਨੇ ਦੋਸ਼ ਲਾਇਆ ਹੈ ਕਿ ਸੱਤਾਧਾਰੀ ਭਾਜਪਾ ਵੱਡੇ ਕਾਰਪੋਰੇਟ ਘਰਾਣਿਆਂ ਦੇ ‘ਚੌਕੀਦਾਰ’ ਵਾਂਗ ਕੰਮ ਕਰ ਰਹੀ ਹੈ। ਰਾਜਭਰ ਨੇ ਕਿਹਾ ਕਿ ‘ਭਾਜਪਾ- ਭਾਰਤੀ ਝੂਠ ਪਾਰਟੀ’ ਹੈ। ਇਹ ਕਿਸਾਨਾਂ ਦੀ ਚੌਕੀਦਾਰ ਨਹੀਂ ਬਲਕਿ ਅਡਾਨੀ ਤੇ ਅੰਬਾਨੀ ਦੀ ਚੌਕੀਦਾਰ ਹੈ।