ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਦੌਰੇ ’ਤੇ ਜਾਣਗੇ। ਇਸ ਦੌਰਾਨ ਉਹ ਬਿਲਾਸਪੁਰ ਵਿੱਚ ਏਮਸ ਦਾ ਉਦਘਾਟਨ ਕਰਨਗੇ ਅਤੇ ਪ੍ਰਸਿੱਧ ‘ਕੁੱਲੂ ਦਸਹਿਰਾ’ ਸਬੰਧੀ ਹੋਣ ਵਾਲੇ ਸਮਾਗਮਾਂ ਵਿੱਚ ਵੀ ਸ਼ਿਰਕਤ ਕਰਨਗੇ। ਇੱਕ ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਇਸ ਦੌਰਾਨ 3,650 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਰੈਲੀ ਨੂੰ ਸੰਬੋਧਨ ਕਰਨਗੇ। ਮੋਦੀ ਨੇ ਅਕਤੂਬਰ 2017 ਵਿੱਚ ਏਮਸ ਦਾ ਨੀਂਹ ਪੱਥਰ ਰੱਖਿਆ ਸੀ। ਪ੍ਰਧਾਨ ਮੰਤਰੀ ਇਸ ਦੌਰਾਨ ਪਿੰਜੌਰ ਤੋਂਂ ਨਾਲਾਗੜ੍ਹ ਤੱਕ ਨੈਸ਼ਨਲ ਹਾਈਵੇਅ-105 ਨੂੰ 31 ਕਿਲੋਮੀਟਰ ਤੱਕ ਚਹੁੰ-ਮਾਰਗੀ ਕਰਨ ਸਬੰਧੀ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। -ਪੀਟੀਆਈ