ਅਹਿਮਦਾਬਾਦ/ਹੈਦਰਾਬਾਦ/ ਪੁਣੇ, 28 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾਵਾਇਰਸ ਵੈਕਸੀਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਅੱਜ ਆਪਣਾ ਤਿੰਨ ਸ਼ਹਿਰਾਂ ਦਾ ਦੌਰਾ ਸ਼ੁਰੁੂ ਕਰਦਿਆਂ ਅਹਿਮਦਾਬਾਦ ਨੇੜੇ ਫਾਰਮਾ ਕੰਪਨੀ ਜ਼ਾਇਡਸ ਕੈਡਿਲਾ ਦੀ ਉਤਪਾਦਨ ਇਕਾਈ ਦਾ ਦੌਰਾ ਕੀਤਾ।
ਮੋਦੀ ਨੇ ਟਵੀਟ ਕੀਤਾ, ‘‘ਅਹਿਮਦਾਬਾਦ ਵਿੱਚ ਜ਼ਾਇਡਸ ਬਾਇਓਟੈੱਕ ਪਾਰਕ ਦਾ ਦੌਰਾ ਕੀਤਾ ਤਾਂ ਜੋ ਜ਼ਾਇਡਸ ਕੈਡਿਲਾ ਵਲੋਂ ਤਿਆਰ ਕੀਤੀ ਜਾ ਰਹੀ ਡੀਐੱਨਏ ਆਧਾਰਿਤ ਸਵਦੇਸ਼ੀ ਵੈਕਸੀਨ ਬਾਰੇ ਵਧੇਰੇ ਜਾਣਕਾਰੀ ਮਿਲ ਸਕੇ। ਮੈਂ ਇਸ ਕਾਰਜ ਵਿੱਚ ਲੱਗੀ ਟੀਮ ਦੀ ਸ਼ਲਾਘਾ ਕਰਦਾ ਹਾਂ। ਭਾਰਤ ਸਰਕਾਰ ਵਲੋਂ ਸਰਗਰਮੀ ਨਾਲ ਇਨ੍ਹਾਂ ਦੇ ਇਸ ਸਫ਼ਰ ਵਿੱਚ ਇਨ੍ਹਾਂ ਦਾ ਸਾਥ ਦਿੱਤਾ ਜਾ ਰਿਹਾ ਹੈ।’’ ਮੋਦੀ ਨੇ ਪੀਪੀਈ ਕਿੱਟ ਪਹਿਨ ਕੇ ਅਹਿਮਦਾਬਾਦ ਤੋਂ ਕਰੀਬ 20 ਕਿਲੋਮੀਟਰ ਦੂਰੀ ’ਤੇ ਸਥਿਤ ਚਾਂਗੋਦਰ ਸਨਅਤੀ ਖੇਤਰ ਵਿੱਚ ਬਣੇ ਜ਼ਾਇਡਸ ਕੈਡਿਲਾ ਖੋਜ ਕੇਂਦਰ ਵਿੱਚ ਚੱਲ ਰਹੀ ਵੈਕਸੀਨ ਬਣਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਅਧਿਕਾਰੀ ਅਨੁਸਾਰ ਸਵੇਰੇ 9 ਵਜੇ ਦਿੱਲੀ ਤੋਂ ਅਹਿਮਦਾਬਾਦ ਹਵਾਈ ਅੱਡੇ ’ਤੇ ਪੁੱਜੇ ਮੋਦੀ ਨੇ ਕੁਝ ਹੀ ਸਮੇਂ ਬਾਅਦ ਜ਼ਾਇਡਸ ਕੈਡਿਲਾ ਪਲਾਂਟ ਲਈ ਉਡਾਣ ਭਰੀ ਅਤੇ ਕੰਪਨੀ ਦੇ ਪ੍ਰੋਮੋਟਰਾਂ ਅਤੇ ਅਧਿਕਾਰੀਆਂ ਨਾਲ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਮੋਦੀ ਨੂੰ ਕੰਪਨੀ ਦੇ ਅਧਿਕਾਰੀਆਂ ਵਲੋਂ ਪਲਾਂਟ ਵਿੱਚ ਵੈਕਸੀਨ ਬਣਾਉਣ ਦੇ ਕਾਰਜ ਅਤੇ ਉਤਪਾਦਨ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵਿਗਿਆਨੀਆਂ ਨਾਲ ਵੀ ਗੱਲਬਾਤ ਕੀਤੀ। ਦੱਸਣਯੋਗ ਹੈ ਕਿ ਜ਼ਾਇਡਸ ਕੈਡਿਲਾ ਦੀ ਵੈਕਸੀਨ ZyCoV-D ਦੇ ਪਹਿਲੇ ਗੇੜ ਦੇ ਕਲੀਨਿਕਲ ਟਰਾਇਲ ਮੁਕੰਮਲ ਹੋ ਚੁੱਕੇ ਹਨ ਅਤੇ ਅਗਸਤ ਵਿੱਚ ਇਸ ਦੇ ਦੂਜੇ ਗੇੜ ਦੇ ਕਲੀਨਿਕਲ ਟਰਾਇਲ ਸ਼ੁਰੂ ਹੋਏ। ਕੰਪਨੀ ਵਲੋਂ ਮਾਰਚ ਤੱਕ ਟਰਾਇਲ ਮੁਕੰਮਲ ਕਰਨ ਦਾ ਟੀਚਾ ਹੈ ਅਤੇ ਇਸ ਵਲੋਂ ਸਾਲਾਨਾ 100 ਮਿਲੀਅਨ ਡੋਜ਼ ਬਣਾਈ ਜਾ ਸਕੇਗੀ। ਹੈਦਰਾਬਾਦ ਵਿੱਚ ਉਹ ਭਾਰਤ ਬਾਇਓਟੈੱਕ ਦੇ ਜੀਨੋਮ ਵੈਲੀ ਸਥਿਤ ਕੇਂਦਰ ਪੁੱਜੇ ਜਿੱਥੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਦੇ ਤੀਜੇ ਗੇੜ ਦੇ ਟਰਾਇਲ ਚੱਲ ਰਹੇ ਹਨ।
ਅਖੀਰ ਵਿੱਚ ਪ੍ਰਧਾਨ ਮੰਤਰੀ ਸ਼ਾਮ ਕਰੀਬ 4.30 ਵਜੇ ਪੁਣੇ ਪੁੱਜੇ, ਜਿੱਥੋਂ ਉਹ ਸੀਰਮ ਇੰਸਟੀਚਿਊਟ ਆਫ ਇੰਡੀਆ ਲਈ ਰਵਾਨਾ ਹੋਏ। ਮੋਦੀ ਵਲੋਂ ਐੱਸਆਈਆਈ ਦੇ ਦੌਰੇ ਦੌਰਾਨ ਕਰੋਨਾਵਾਇਰਸ ਲਾਗ ਤੋਂ ਬਚਾਅ ਲਈ ਵੈਕਸੀਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।
-ਪੀਟੀਆਈ/ਆਈਏਐੱਨਐੱਸ
ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮੰਗੀ ਜਾਵੇਗੀ ਇਜਾਜ਼ਤ
ਪੁਣੇ: ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਵਲੋਂ ਦੋ ਹਫ਼ਤਿਆਂ ਦੇ ਅੰਦਰ ਐਸਟ੍ਰਾਜ਼ੈਨਿਕਾ ਦੀ ਕੋਵਿਡ-19 ਵੈਕਸੀਨ ਦੀ ਐਮਰਜੈਂਸੀ ਵਰਤੋਂ ਕਰਨ ਦਾ ਅਧਿਕਾਰ ਦਿੱਤੇ ਜਾਣ ਦੀ ਇਜਾਜ਼ਤ ਮੰਗੀ ਜਾਵੇਗੀ। ਐੱਸਆਈਆਈ ਦੇ ਬਾਨੀ ਅਤੇ ਸੀਈਓ ਅਦਰ ਪੂਣਾਵਾਲਾ ਨੇ ਅੱਜ ਦੱਸਿਆ ਕਿ ਐੱਸਆਈਆਈ ਵਲੋਂ ਡੀਸੀਜੀਆਈ ਨੂੰ ਕਲੀਨਿਕਲ ਟਰਾਇਲਾਂ ਬਾਰੇ ਵੇਰਵੇ ਸੌਂਪਣ ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ ਅਤੇ ਉਨ੍ਹਾਂ ਵਲੋਂ ਐਮਰਜੈਂਸੀ ਵਰਤੋਂ ਲਈ ਅਧਿਕਾਰ ਮੰਗੇ ਜਾਣਗੇ।
-ਪੀਟੀਆਈ
ਭਾਰਤ ਵਿੱਚ ਕਰੋਨਾ ਕੇਸਾਂ ਦੀ ਗਿਣਤੀ 93.51 ਲੱਖ ਤੋਂ ਪਾਰ
ਨਵੀਂ ਦਿੱਲੀ: ਇਕ ਦਿਨ ਵਿੱਚ ਸਾਹਮਣੇ ਆਏ 41,322 ਨਵੇਂ ਕੇਸਾਂ ਨਾਲ ਭਾਰਤ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 93.51 ਲੱਖ ਤੋਂ ਪਾਰ ਪਹੁੰਚ ਗਈ ਹੈ ਜਦੋਂਕਿ ਦੇਸ਼ ਵਿੱਚ ਹੁਣ ਤੱਕ 87,59,969 ਲੋਕ ਇਸ ਬਿਮਾਰੀ ਤੋਂ ਉੱਭਰ ਚੁੱਕੇ ਹਨ ਜਿਸ ਨਾਲ ਠੀਕ ਹੋਣ ਦੀ ਕੌਮੀ ਦਰ 93.68 ਫ਼ੀਸਦ ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਵਿੱਚ ਹੋਈਆਂ 485 ਮੌਤਾਂ ਨਾਲ ਇਸ ਲਾਗ ਕਾਰਨ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 1,36,200 ਤੱਕ ਪਹੁੰਚ ਚੁੱਕੀ ਹੈ।
ਪੰਜਾਬ ਵਿੱਚ 28 ਹੋਰ ਮੌਤਾਂ, 745 ਨਵੇਂ ਕੇਸ
ਚੰਡੀਗੜ੍ਹ (ਟਨਸ): ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਕਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਵੱਡਾ ਅੰਕੜਾ ਸਾਹਮਣੇ ਆ ਰਿਹਾ ਹੈ। ਲੰਘੇ 24 ਘੰਟਿਆਂ ਵਿੱਚ ਇਸ ਲਾਗ ਨੇ ਸੂਬੇ ’ਚ 28 ਹੋਰ ਜਾਨਾਂ ਲੈ ਲਈਆਂ ਜਦੋਂਕਿ 745 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ਵਿੱਚ ਵੈਂਟੀਲੇਟਰ ਤੇ ਆਕਸੀਜਨ ਦੀ ਲੋੜ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ। ਇਸ ਵੇਲੇ 164 ਵਿਅਕਤੀਆਂ ਨੂੰ ਆਕਸੀਜਨ ਅਤੇ 15 ਵਿਅਕਤੀਆਂ ਨੂੰ ਵੈਂਟੀਲੇਟਰ ’ਤੇ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 7834 ਹੋ ਗਈ ਹੈ।