ਨਵੀਂ ਦਿੱਲੀ, 16 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਛੇ ਸਾਲਾ ਬੱਚੇ ਦੀ ਮਾਂ ਦੇ ਹੌਸਲੇ ਤੇ ਸਕਾਰਾਤਮਕ ਸੋਚ ਲਈ ਉਸ ਦੀ ਸ਼ਲਾਘਾ ਕੀਤੀ। ਕਰੋਨਾਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਇਸ ਮਾਂ ਨੇ ਆਪਣੇ ਆਪ ਨੂੰ ਬੱਚੇ ਤੋਂ ਵੱਖ ਕਰ ਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਗ਼ਾਜ਼ੀਆਬਾਦ ਦੇ ਸੈਕਟਰ-6 ਵਿਚ ਰਹਿੰਦੀ ਪੂਜਾ ਵਰਮਾ ਤੇ ਉਸ ਦੇ ਪਤੀ ਕਰੋਨਾ ਪਾਜ਼ੇਟਿਵ ਪਾਏ ਗਏ ਸਨ। ਅਪਰੈਲ ਵਿਚ ਲਾਗ ਦੀ ਲਪੇਟ ’ਚ ਆਉਣ ਤੋਂ ਬਾਅਦ ਪਤੀ-ਪਤਨੀ ਨੇ ਫੈਸਲਾ ਲਿਆ ਕਿ ਉਹ ਤਿੰਨੋਂ ਜਣੇ ਵੱਖ-ਵੱਖ ਕਮਰਿਆਂ ਵਿਚ ਰਹਿਣਗੇ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਉਸ ਨੇ ਆਪਣੇ ਬੱਚੇ ਤੋਂ ਦੂਰ ਰਹਿਣ ਦਾ ਕਠੋਰ ਅਹਿਸਾਸ ਇਕ ਕਵਿਤਾ ਰਾਹੀਂ ਬਿਆਨ ਕੀਤਾ। ਪ੍ਰਧਾਨ ਮੰਤਰੀ ਨੇ ਚਿੱਠੀ ਲਿਖ ਕੇ ਉਸ ਦੇ ਪਰਿਵਾਰ ਦਾ ਹਾਲ ਜਾਣਿਆ। -ਪੀਟੀਆਈ
ਫ਼ਰੰਟਲਾਈਨ ਵਰਕਰਾਂ ਲਈ ਕਰੈਸ਼ ਕੋਰਸ ਸ਼ੁਰੂ ਕਰਨਗੇ ਪ੍ਰਧਾਨ ਮੰਤਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਦਫ਼ਤਰ ਨੇ ਅੱਜ ਇਕ ਵੀਡੀਓ ਕਾਨਫ਼ਰੰਸਿੰਗ ਰਾਹੀਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਫ਼ਰੰਟਲਾਈਨ ਵਰਕਰਾਂ ਲਈ ਇਕ ਕਰੈਸ਼ ਕੋਰਸ ਦੀ ਸ਼ੁਰੂਆਤ ਕਰਨਗੇ। ਇਹ ਪ੍ਰੋਗਰਾਮ 26 ਰਾਜਾਂ ਦੇ 111 ਸਿਖਲਾਈ ਕੇਂਦਰਾਂ ਵਿਚ ਸ਼ੁਰੂ ਹੋਵੇਗਾ। ਇਸੇ ਦੌਰਾਨ ਪੀਐੱਮਓ ਨੇ ਦੱਸਿਆ ਕਿ ਪੀਐੱਮ ਕੇਅਰਜ਼ ਫੰਡ ਤੋਂ ਜਾਰੀ ਕੀਤੇ ਗਏ 41.62 ਕਰੋੜ ਰੁਪਏ ਦੀ ਲਾਗਤ ਨਾਲ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਤੇ ਕਲਿਆਣੀ ਵਿਚ 250-250 ਬਿਸਤਰਿਆਂ ਦੇ ਕੋਵਿਡ ਹਸਪਤਾਲ ਬਣਾਏ ਜਾਣਗੇ। -ਪੀਟੀਆਈ