ਨਵੀਂ ਦਿੱਲੀ, 17 ਜੂਨ
ਪ੍ਰਧਾਨ ਨਰਿੰਦਰ ਮੋਦੀ ਨੇ ਕਿਹਾ ਕਿ ਅਭਿਲਾਸ਼ੀ ਜ਼ਿਲ੍ਹੇ ਭਾਰਤ ਦੇ ਪ੍ਰੇਰਣਾਦਾਇਕ ਜ਼ਿਲ੍ਹੇ ਹੋਣੇ ਚਾਹੀਦੇ ਹਨ ਅਤੇ ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ ਨੂੰ ਬਲਾਕ ਤੇ ਸ਼ਹਿਰੀ ਪੱਧਰ ਤੱਕ ਲੈ ਕੇ ਜਾਣਾ ਚਾਹੀਦਾ ਹੈ। ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ (ਏਡੀਪੀ) ਸਾਲ 2018 ਵਿੱਚ ਉਨ੍ਹਾਂ 112 ਜ਼ਿਲ੍ਹਿਆਂ ਵਿੱਚ ਬਦਲਾਅ ਲਿਆਉਣ ਲਈ ਸ਼ੁਰੂ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਮੁੱਖ ਸਮਾਜਿਕ ਖੇਤਰਾਂ ਵਿੱਚ ਘੱਟ ਵਿਕਾਸ ਦੇਖਿਆ ਗਿਆ।
ਇਕ ਸਰਕਾਰੀ ਬਿਆਨ ਅਨੁਸਾਰ, ‘‘ਅਭਿਲਾਸ਼ੀ ਜ਼ਿਲ੍ਹਾ ਪ੍ਰੋਗਰਾਮ ਦੀ ਸਫ਼ਲਤਾ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਜ਼ਿਲ੍ਹਿਆਂ ਨੂੰ ਭਾਰਤ ਦੇ ਪ੍ਰੇਰਣਾਦਾਇਕ ਜ਼ਿਲ੍ਹੇ ਬਣਾਉਣ ਅਤੇ ਇਸ ਪ੍ਰੋਗਰਾਮ ਨੂੰ ਬਲਾਕ ਤੇ ਸ਼ਹਿਰੀ ਪੱਧਰ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।’’ ਪ੍ਰਧਾਨ ਮੰਤਰੀ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿੱਚ ਚੱਲ ਰਹੀ ਮੁੱਖ ਸਕੱਤਰਾਂ ਦੀ ਤਿੰਨ ਰੋਜ਼ਾ ਕੌਮੀ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਇਹ ਕਾਨਫ਼ਰੰਸ 15 ਜੂਨ ਨੂੰ ਸ਼ੁਰੂ ਹੋਈ ਸੀ।
ਬਿਆਨ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੇ ਸਭ ਤੋਂ ਵਧੀਆ, ਨੌਜਵਾਨ ਅਧਿਕਾਰੀਆਂ ਨੂੰ ਇਨ੍ਹਾਂ ਅਭਿਲਾਸ਼ੀ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀ ਉਸਾਰੂ ਸੋਚ ਅਤੇ ਨਵੇਂ ਵਿਚਾਰਾਂ ਨਾਲ ਇਕ ਜ਼ਿਕਰਯੋਗ ਬਦਲਾਅ ਲਿਆਂਦਾ ਜਾ ਸਕੇ। ਸ੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਵੱਲੋਂ ਹਾਸਲ ਕੀਤਾ ਗਿਆ ਤਜਰਬਾ ਅਤੇ ਸਿੱਖਿਆਵਾਂ ਬੇਮਿਸਾਲ ਹੋਣਗੀਆਂ ਅਤੇ ਸਮੁੱਚੇ ਦੇਸ਼ ਲਈ ਫਾਇਦੇਮੰਦ ਸਾਬਿਤ ਹੋਣਗੀਆਂ।
ਸਿੱਖਿਆ ਸਬੰਧੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਤਕਨਾਲੋਜੀ ਅਤੇ ਸਿਖਲਾਈ ਸਬੰਧੀ ਮੋਬਾਈਲ ਐਪਲੀਕੇਸ਼ਨਾਂ ਦਾ ਲਾਭ ਲੈ ਕੇ ਅਧਿਆਪਕਾਂ ਦੀ ਸਿਖਲਾਈ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਪੁਰਸਕਾਰ ਜੇਤੂ ਸੇਵਾਮੁਕਤ ਸਕੂਲ ਅਧਿਆਪਕਾਂ ਦੀ ਮਦਦ ਲਈ ਜਾ ਸਕਦੀ ਹੈ। ਉਨ੍ਹਾਂ ਮਸ਼ਵਰਾ ਦਿੱਤਾ ਕਿ ਅਧਿਆਪਕਾਂ ਦੀ ਸਿਖਲਾਈ ਲਈ ਇਕ ਟੀਵੀ ਚੈਨਲ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਸਾਰੇ ਸੂਬਿਆਂ ਦੇ ਨੌਜਵਾਨ ਉਦਯੋਗਪਤੀਆਂ, ਉੱਦਮੀਆਂ ਅਤੇ ਨੌਜਵਾਨਾਂ ਦੇ ਵੱਖ-ਵੱਖ ਮਾਧਿਅਮਾਂ ਜਿਵੇਂ ਕਿ ਖੇਤਰੀ ਭਾਸ਼ਾਵਾਂ ਵਿੱਚ ਡਰਾਮਾ, ਐਨੀਮੇਸ਼ਨ, ਮੋਨੋ-ਐਕਟਿੰਗ ਆਦਿ ਦੇ ਵਧੀਆ ਸਮੱਗਰੀ ਤਿਆਰ ਕਰਨ ਦੇ ਮੁਕਾਬਲੇ ਕਰਵਾਉਣ ਦਾ ਮਸ਼ਵਰਾ ਵੀ ਦਿੱਤਾ। -ਪੀਟੀਆਈ