ਪਟਨਾ, 9 ਫਰਵਰੀ
ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਗ੍ਰਹਿ ਯੁੱਧ ਵੱਲ ਧੱਕ ਰਹੇ ਹਨ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨੇ ਹਿਜਾਬ ਵਿਵਾਦ ਉਤੇ ਟਿੱਪਣੀ ਕਰਦਿਆਂ ਕਿਹਾ, ‘ਦੇਸ਼ ਵਿਚ ਭਾਜਪਾ ਦੇ ਰੂਪ ’ਚ ਨਵੇਂ ਅੰਗਰੇਜ਼ ਆ ਗਏ ਹਨ।’ ਲਾਲੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ ਤੇ ਹੋਰ ਮੁੱਦਿਆਂ ਦੀ ਗੱਲ ਨਹੀਂ ਕਰਦੇ। ਉਹ ਹਮੇਸ਼ਾ ਮੰਦਰ-ਮਸਜਿਦ, ਦੰਗਿਆਂ ਤੇ ਧਰਮਾਂ ਦੀ ਗੱਲ ਹੀ ਕਰਦੇ ਰਹਿੰਦੇ ਹਨ। ਦੇਸ਼ ਦੇ ਲੋਕ ਭਾਜਪਾ ਅਤੇ ਨਰਿੰਦਰ ਮੋਦੀ ਦੇ ਇਸ ਤਰ੍ਹਾਂ ਦੇ ਪ੍ਰਚਾਰ ਤੋਂ ਤੰਗ ਆ ਚੁੱਕੇ ਹਨ। ਲਾਲੂ ਨੇ ਕਿਹਾ, ‘ਭਾਜਪਾ ਯੂਪੀ ਚੋਣਾਂ ਹਾਰ ਰਹੀ ਹੈ। ਉਹ ਮੁਜ਼ਾਹਰਾਕਾਰੀ ਕਿਸਾਨਾਂ ਨੂੰ ‘ਅਤਿਵਾਦੀ’ ਦੱਸੀ ਜਾ ਰਹੇ ਹਨ। ਲਾਲੂ ਪ੍ਰਸਾਦ ਨੇ ਕਿਹਾ ਕਿਉਂਕਿ ਬਹੁਗਿਣਤੀ ਕਿਸਾਨ ਜਾਟ ਭਾਈਚਾਰੇ ਤੋਂ ਹਨ, ਭਾਜਪਾ ਦਾ ਉਨ੍ਹਾਂ ਦੇ ਇਲਾਕੇ ਪੱਛਮੀ ਉੱਤਰ ਪ੍ਰਦੇਸ਼ ਵਿਚੋਂ ਸਫਾਇਆ ਹੋ ਜਾਵੇਗਾ। ਬਾਕੀ ਰਹਿੰਦੇ ਸੂਬੇ ਵਿਚ ਵੀ ਇਸੇ ਤਰ੍ਹਾਂ ਹੋਣ ਜਾ ਰਿਹਾ ਹੈ। ਲਾਲੂ ਨੇ ਕਿਹਾ ਕਿ ਸਿਹਤ ਖਰਾਬ ਹੋਣ ਕਾਰਨ ਉਹ ਪ੍ਰਚਾਰ ਕਰਨ ਯੂੁਪੀ ਨਹੀਂ ਜਾ ਸਕਦੇ ਪਰ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਭਾਜਪਾ ਦੀ ਹਾਰ ਯਕੀਨੀ ਬਣਾਉਣ। ਉਨ੍ਹਾਂ ਨਾਲ ਹੀ ਕਿਹਾ ਕਿ ਨਿਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਕੋਲ ਵੀ ਜਾ ਸਕਦੇ ਹਨ। -ਆਈਏਐਨਐੱਸ