ਨਵੀਂ ਦਿੱਲੀ, 24 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਭਾਜਪਾ ਦੇ ਹੈੱਡਕੁਆਰਟਰ ਵਿੱਚ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਕੇ ਵਿੱਚ ਸੂਬਿਆਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ’ਤੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਨੇ ਮੰਤਰੀਆਂ ਨੂੰ ਆਪੋ ਆਪਣੇ ਸੂਬਿਆਂ ਵਿੱਚ ਭਲਾਈ ਸਕੀਮਾਂ ਪੂਰੀ ਤਰ੍ਹਾਂ ਲਾਗੂ ਕਰਨ ਤੇ ਕਾਰੋਬਾਰ ਪੱਖੀ ਮਾਹੌਲ ਯਕੀਨੀ ਬਣਾਉਣ ਲਈ ਆਖਿਆ।
ਚਾਰ ਘੰਟੇ ਤੋਂ ਵੱਧ ਸਮਾਂ ਚੱਲੀ ਮੀਟਿੰਗ ਵਿੱਚ 18 ਸੂਬਿਆਂ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਤੋਂ ਇਲਾਵਾ ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਪਾਰਟੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਅਤੇ ਪਾਰਟੀ ਦੇ ‘ਸੁਸ਼ਾਸਨ ਸੈੱਲਾਂ’ ਦੇ ਮੁਖੀ ਵਿਨੈ ਸਹਿਸਰਬੁੱਧੇ ਵੀ ਹਾਜ਼ਰ ਸਨ। ਭਾਜਪਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੀਟਿੰਗ ਦੌਰਾਨ ਸ੍ਰੀ ਮੋਦੀ ਨੇ ਕੁਝ ਮੁੱਖ ਸਕੀਮਾਂ ਵਧੀਆ ਤਰੀਕੇ ਨਾਲ ਲਾਗੂ ਕਰਨ ਅਤੇ ਸਰਕਾਰ ਦੇ ਉਪਰਾਲਿਆਂ ਜਿਵੇਂ ਗਤੀਸ਼ਕਤੀ, ਹਰ ਘਰ ਜਲ, ਸਵਾਮਿਤਵ, ਡੀਬੀਟੀ ਆਦਿ ਨੂੰ ਲਾਗੂ ਕਰਨ ’ਤੇ ਜ਼ੋਰ ਦਿੱਤਾ। ਬਿਆਨ ਵਿੱਚ ਕਿਹਾ ਗਿਆ, ‘‘ਪ੍ਰਧਾਨ ਮੰਤਰੀ ਨੇ ਸਾਰੀਆਂ ਅਹਿਮ ਸਕੀਮਾਂ ਬੇਹਤਰ ਢੰਗ ਨਾਲ ਲਾਗੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ਨੂੰ ਇਸ ਵਿੱਚ ਅੱਗੇ ਵਧਣਾ ਚਾਹੀਦਾ ਹੈ।’’ ਉਨ੍ਹਾਂ ਨੇ ਸੂਬਿਆਂ ਨੂੰ ਕਾਰੋਬਾਰ ਕਰਨ ਦੇ ਮਾਹੌਲ ਹੋਰ ਸੁਖਾਲਾ ਬਣਾਉਣ ਵਾਸਤੇ ਕਦਮ ਚੁੱਕਣ ਲਈ ਵੀ ਆਖਿਆ। ਮੋਦੀ ਨੇ ਮੁੱਖ ਮੰਤਰੀਆਂ ਨੂੰ ਆਪਣੇ ਸੂਬਿਆਂ ਵਿੱਚ ਨੌਜਵਾਨਾਂ ਦੀ ਖੇਡਾਂ ਲਈ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਆਖਿਆ ਤਾਂ ਕਿ ਨੌਜਵਾਨਾਂ ਨੂੰ ਖੇਡਾਂ ’ਚ ਸ਼ਮੂਲੀਅਤ ਲਈ ਉਤਸ਼ਾਹਿਤ ਕੀਤਾ ਜਾ ਸਕੇ। ਸੂਤਰਾਂ ਨੇ ਦੱਸਿਆ ਕਿ ਭਾਜਪਾ ਦੀ ਆਪਣੀ ਜਾਂ ਗੱਠਜੋੜ ਸਰਕਾਰ ਵਾਲੇ 18 ਸੂਬਿਆਂ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਨੇ ਕੇਂਦਰ ਵੱਲੋਂ ਸਪਾਂਸਰ ਸਾਰੀਆਂ ਭਲਾਈ ਸਕੀਮਾਂ ਅਤੇ ਮੁੱਖ ਪ੍ਰੋਗਰਾਮਾਂ ਦਾ ਸੌ ਫ਼ੀਸਦੀ ਟੀਚਾ ਹਾਸਲ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਉੱਤਰਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵ ਸਰਮਾ ਸ਼ਾਮਲ ਹੋਏ। ਮੀਟਿੰਗ ਵਿੱਚ ਨਾਗਲੈਂਡ, ਕਰਨਾਟਕ, ਤ੍ਰਿਪੁਰਾ, ਗੁਜਰਾਤ, ਗੋਆ ਦੇ ਮੁੱਖ ਮੰਤਰੀ ਕ੍ਰਮਵਾਰ ਨੈਫਿਓ ਰੀਓ, ਬਸਵਰਾਜ ਬੋਮਈ, ਮਾਨਿਕ ਸਾਹਾ, ਭੁਪੇਂਦਰ ਪਟਲੇ ਅਤੇ ਪ੍ਰਮੋਦ ਸਾਵੰਤ ਵੀ ਸ਼ਾਮਲ ਸਨ। ਮੀਟਿੰਗ ਵਿੱਚ ਮਹਾਰਾਸ਼ਟਰ ਦੇ ਦੇਵੇਂਦਰ ਫੜਨਵੀਸ, ਬਿਹਾਰ ਤੋਂ ਤਾਰਕਿਸ਼ੋਰ ਪ੍ਰਸਾਦ ਅਤੇ ਰੇਣੂ ਦੇਵੀ ਸਣੇ ਕਈ ਹੋਰ ਉੱਪ ਮੁੱਖ ਮੰਤਰੀ ਵੀ ਸ਼ਾਮਲ ਹੋਏੇ। -ਪੀਟੀਆਈ