ਨਵੀਂ ਦਿੱਲੀ, 4 ਮਾਰਚ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਫਿਲਮਸਾਜ਼ ਅਨੁਰਾਗ ਕਸ਼ਯਪ, ਅਦਾਕਾਰਾ ਤਾਪਸੀ ਪੰਨੂ ਅਤੇ ਕੁਝ ਹੋਰਾਂ ਦੇ ਘਰਾਂ ਅਤੇ ਦਫ਼ਤਰਾਂ ’ਤੇ ਆਮਦਨ ਕਰ ਵਿਭਾਗ ਦੇ ਛਾਪਿਆਂ ਲਈ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਤਿੰਨ ਹਿੰਦੀ ਅਖਾਣਾਂ ਦੀ ਵਰਤੋਂ ਕਰਦਿਆਂ ਸਰਕਾਰ ਨੂੰ ਘੇਰਿਆ ਅਤੇ ਦੋਸ਼ ਲਾਇਆ ਕਿ ਉਹ ਕਿਸਾਨ ਹਮਾਇਤੀਆਂ ਖ਼ਿਲਾਫ਼ ਛਾਪੇ ਮਰਵਾ ਰਹੀ ਹੈ। ਉਨ੍ਹਾਂ ਹੈਸ਼ਟੈਗ ‘ਮੋਦੀਰੇਡਸਪ੍ਰੋਫਾਰਮਰਜ਼’ ਰਾਹੀਂ ਟਵੀਟ ਕਰਦਿਆਂ ਤਿੰਨ ਅਖਾਣਾਂ ‘ਉਂਗਲੀਓਂ ਪੇ ਨਚਾਨਾ’, ‘ਭੀਗੀ ਬਿੱਲੀ ਬਨਨਾ’ ਅਤੇ ‘ਖਿਸਿਆਨੀ ਬਿੱਲੀ ਖੰਭਾ ਨੋਚੇ’ ਦੀ ਵਰਤੋਂ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ,‘‘ਉਂਗਲੀਓਂ ਪੇ ਨਚਾਨਾ-ਕੇਂਦਰ ਸਰਕਾਰ ਆਮਦਨ ਕਰ ਵਿਭਾਗ, ਈਡੀ ਅਤੇ ਸੀਬੀਆਈ ਨਾਲ ਇੰਜ ਕਰਦੀ ਹੈ। ਭੀਗੀ ਬਿੱਲੀ ਬਨਨਾ-ਕੇਂਦਰ ਸਰਕਾਰ ਸਾਹਮਣੇ ਮਿੱਤਰ ਮੀਡੀਆ। ਖਿਸਿਆਨੀ ਬਿੱਲੀ ਖੰਭਾ ਨੋਚੇ-ਜਿਵੇਂ ਕੇਂਦਰ ਸਰਕਾਰ ਕਿਸਾਨ ਹਮਾਇਤੀਆਂ ’ਤੇ ਰੇਡ ਕਰਵਾਉਂਦੀ ਹੈ।’’ਉਧਰ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਪ੍ਰਕਾਸ਼ ਜਾਵੜੇਕਰ ਨੇ ਟਵੀਟ ਕੀਤਾ,‘‘ਰਾਹੁਲ ਗਾਂਧੀ ਜੀ, ਇਨ੍ਹਾਂ ਅਖਾਣਾਂ ਨੂੰ ਵੀ ਚੇਤੇ ਕਰੋ। ਸੌ ਚੂਹੇ ਖਾ ਕੇ ਬਿੱਲੀ ਚਲੀ ਹਜ ਨੂੰ-ਐਮਰਜੈਂਸੀ ’ਚ ਮੀਡੀਆ ਦੀ ਆਜ਼ਾਦੀ ’ਤੇ ਰੋਕ ਲਗਾਉਣ ਵਾਲੀ ਕਾਂਗਰਸ ਦਾ ਮੀਡੀਆ ਦੀ ਆਜ਼ਾਦੀ ’ਤੇ ਗਿਆਨ ਵੰਡਣਾ। ਉਂਗਲੀ ’ਤੇ ਗਿਣੇ ਜਾ ਸਕਣਾ-ਕਾਂਗਰਸ ਦੀ ਮੌਜੂਦਾ ਹਾਲਤ ਅਤੇ ਚੋਣਾਂ ’ਚ ਹਾਲਤ। ਰੰਗਾ ਸਿਆਰ-ਸਭ ਤੋਂ ਫਿਰਕੂ ਪਾਰਟੀ ਧਰਮਨਿਰਪੱਖ ਹੋਣ ਦਾ ਢੋਂਗ ਕਰਦੀ ਹੈ। ਇਕ ਪਰਿਵਾਰ ਦੀ ਪਾਰਟੀ ਹੁਣ ਲੋਕਤੰਤਰ ਦਾ ਸਬਕ ਪੜ੍ਹਾ ਰਹੀ ਹੈ।’’ -ਪੀਟੀਆਈ