ਨਵੀਂ ਦਿੱਲੀ, 3 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਰੋਪੀ ਕਮਿਸ਼ਨ ਦੀ ਪ੍ਰਧਾਨ ਉਰਸਲਾ ਵਾਨ ਡੇਰ ਲੇਯੇਨ ਨੇ ਅੱਜ ਭਾਰਤ ਤੇ ਯੋਰਪ ’ਚ ਕੋਵਿਡ-19 ਦੇ ਤਾਜ਼ਾ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਦੌਰਾਨ ਭਾਰਤ ’ਚ ਚੱਲ ਰਹੀ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਬਾਰੇ ਦੋਵਾਂ ਆਗੂਆਂ ਵਿਚਾਲੇ ਚਰਚਾ ਹੋਈ ਹੈ। ਪ੍ਰਧਾਨ ਮੰਤਰੀ ਨੇ ਕੋਵਿਡ-19 ਖ਼ਿਲਾਫ਼ ਜੰਗ ’ਚ ਤੁਰੰਤ ਸਹਿਯੋਗ ਲਈ ਯੂਰੋਪੀ ਯੂਨੀਅਨ ਤੇ ਉਨ੍ਹਾਂ ਦੇ ਮੈਂਬਰ ਮੁਲਕਾਂ ਦੀ ਸ਼ਲਾਘਾ ਕੀਤੀ।
ਬਿਆਨ ’ਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੇ ਇਸ ਗੱਲ ਨੂੰ ਉਭਾਰਿਆ ਕਿ ਪਿਛਲੇ ਸਾਲ ਜੁਲਾਈ ’ਚ ਹੋਏ ਸਿਖਰ ਸੰਮੇਲਨ ਤੋਂ ਬਾਅਦ ਭਾਰਤ ਤੇ ਯੂਰੋਪੀ ਯੂਨੀਅਨ ਵਿਚਾਲੇ ਸਹਿਯੋਗ ’ਚ ਨਵੀਂ ਗਤੀ ਦੇਖਣ ਨੂੰ ਮਿਲੀ ਹੈ। ਦੋਵੇਂ ਆਗੂ ਇਸ ਗੱਲ ’ਤੇ ਸਹਿਮਤ ਹੋਏ ਕਿ ਅੱਠ ਮਈ ਨੂੰ ਡਿਜੀਟਲ ਢੰਗ ਰਾਹੀਂ ਭਾਰਤ ਤੇ ਯੂਰੋਪੀ ਯੂਨੀਅਨ ਦੇ ਆਗੂਆਂ ਵਿਚਾਲੇ ਹੋਣ ਵਾਲੀ ਮੀਟਿੰਗ ਬਹੁ-ਪੱਧਰੀ ਸਬੰਧਾਂ ਨੂੰ ਨਵੀਂ ਗਤੀ ਦੇਣ ਦਾ ਅਹਿਮ ਮੌਕਾ ਹੋਵੇਗੀ। ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ, ‘ਯੂਰੋਪੀ ਯੂਨੀਅਨ ਦੀ ਮੁਖੀ ਉਰਸਲਾ ਵਾਨ ਡੇਰ ਲੇਯੇਨ ਨੇ ਗੱਲ ਕੀਤੀ ਅਤੇ ਕੋਵਿਡ-19 ਖ਼ਿਲਾਫ਼ ਭਾਰਤ ਦੀ ਲੜਾਈ ’ਚ ਸਹਿਯੋਗ ਤੇ ਹਮਾਇਤ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਅੱਠ ਮਈ ਨੂੰ ਭਾਰਤ ਤੇ ਯੂਰੋਪੀ ਯੂਨੀਅਨ ਦੇ ਨੇਤਾਵਾਂ ਦੀ ਮੀਟਿੰਗ ਬਾਰੇ ਉਨ੍ਹਾਂ ਨਾਲ ਚਰਚਾ ਹੋਈ। ਮੈਨੂੰ ਪੂਰਾ ਯਕੀਨ ਹੈ ਕਿ ਇਹ ਮੀਟਿੰਗ ਸਾਡੇ ਵਿਚਾਲੇ ਸਹਿਯੋਗ ਨੂੰ ਨਵੀਂ ਰਫ਼ਤਾਰ ਦੇਵੇਗੀ।’ -ਪੀਟੀਆਈ