ਧਰਮਸ਼ਾਲਾ, 6 ਜੁਲਾਈ
ਤਿੱਬਤੀ ਧਰਮ ਗੁਰੂ ਦਲਾਈ ਲਾਮਾ ਅੱਜ 87 ਵਰ੍ਹਿਆਂ ਦੇ ਹੋ ਗਏ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਦਲਾਈ ਲਾਮਾ ਦੇ ਸਮਰਥਕਾਂ ਨੇ ਵੀ ਇੱਥੇ ਉਨ੍ਹਾਂ ਦਾ ਜਨਮ ਦਿਨ ਮਨਾਇਆ। ਇਸ ਮੌਕੇ ਤਿੱਬਤੀ ਧਰਮ ਗੁਰੂ ਨੇ ਧਰਮਸ਼ਾਲਾ ਵਿਚ ਇਕ ਲਾਇਬਰੇਰੀ ਤੇ ਅਜਾਇਬਘਰ ਦਾ ਉਦਘਾਟਨ ਕੀਤਾ। ਜਨਮ ਦਿਨ ਮੌਕੇ ਮੁੱਖ ਸਮਾਗਮ ਮੈਕਲੌਡਗੰਜ ਸਥਿਤ ਬੋਧੀ ਮੰਦਰ ਵਿਚ ਕੀਤਾ ਗਿਆ। ਇਸ ਮੌਕੇ ਲਾਮਾ ਨੂੰ ਮੰਨਣ ਵਾਲੇ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਮੰਤਰੀ ਰਾਕੇਸ਼ ਪਠਾਣੀਆ, ਸਥਾਨਕ ਵਿਧਾਇਕ ਵਿਸ਼ਾਲ ਨਹਿਰੀਆ, ਅਦਾਕਾਰ-ਕਾਰਕੁਨ ਰਿਚਰਡ ਗੇਅਰ ਤੇ ਕਈ ਸਾਬਕਾ ਕੂਟਨੀਤਕ ਹਾਜ਼ਰ ਸਨ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਦਲਾਈ ਲਾਮਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਦਲਾਈ ਲਾਮਾ ਦੀ ਲੰਮੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ। -ਪੀਟੀਆਈ