ਸ਼ਿਲੌਂਗ: ਉੱਤਰ-ਪੂਰਬੀ ਸੂਬੇ ਮੇਘਾਲਿਆ ’ਚ ਕਾਂਗਰਸ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਕਾਂਗਰਸ ਦੇ 17 ਵਿਧਾਇਕਾਂ ’ਚੋਂ 12 ਤ੍ਰਿਣਮੂਲ ਕਾਂਗਰਸ (ਟੀਐੱਮਸੀ) ’ਚ ਸ਼ਾਮਲ ਹੋ ਗਏ। ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਨੇ ਕਿਹਾ ਕਿ ਮਮਤਾ ਬੈਨਰਜੀ ਦੀ ਪਾਰਟੀ ’ਚ ਸ਼ਾਮਲ ਹੋਣ ਦਾ ਫ਼ੈਸਲਾ ਪੂਰੇ ਸੋਚ-ਵਿਚਾਰ ਨਾਲ ਲਿਆ ਗਿਆ ਹੈ। ਇਸ ਬਾਰੇ ਵੀ ਸੋਚਿਆ ਗਿਆ ਕਿ ਕਿਵੇਂ ਲੋਕਾਂ ਦੀ ਵਧੀਆ ਢੰਗ ਨਾਲ ਸੇਵਾ ਕੀਤੀ ਜਾ ਸਕਦੀ ਹੈ। ਇਥੇ ਪ੍ਰੈੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਲੋਕਾਂ ਪ੍ਰਤੀ ਜ਼ਿੰਮੇਵਾਰੀ ਅਤੇ ਵਚਨਬੱਧਤਾ ਨੂੰ ਧਿਆਨ ’ਚ ਰਖਦਿਆਂ ਇਹ ਅਹਿਮ ਫ਼ੈਸਲਾ ਲਿਆ ਗਿਆ ਹੈ। ਕਾਂਗਰਸ ਤੋਂ ਵੱਖ ਹੋਏ ਧੜੇ ਨੇ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਦੀ ਸੂਚੀ ਵਿਧਾਨ ਸਭਾ ਸਪੀਕਰ ਮਿਤਬਾਹ ਲਿੰਗਡੋਹ ਨੂੰ ਸੌਂਪੀ ਹੈ। ਸਿਆਸਤ ਪੱਖੋਂ ਇਹ ਕਦਮ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਲਈ ਵੱਡੀ ਪ੍ਰਾਪਤੀ ਹੈ ਜੋ ਦੇਸ਼ ਦੇ ਹੋਰ ਹਿੱਸਿਆਂ ’ਚ ਪਾਰਟੀ ਨੂੰ ਫੈਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। -ਪੀਟੀਆਈ