ਟ੍ਰਿਬਿਊਨ ਨਿਊਜ਼ ਸਰਵਿਸ
ਹੈਦਰਾਬਾਦ, 27 ਅਕਤੂਬਰ
ਇੰਡੀਅਨ ਜਰਨਲਿਸਟ ਯੂਨੀਅਨ ਦੀ ਕੌਮੀ ਕਾਰਜਕਾਰਨੀ ਦੀ ਦੋ ਦਿਨਾ ਮੀਟਿੰਗ ਇੱਥੇ ਹੋਈ। ਇਸ ਮੌਕੇ ਪੱਤਰਕਾਰਾਂ ਦੀ ਸੁਰੱਖਿਆ, ਪ੍ਰੈੱਸ ਕਾਊਂਸਿਲ ਆਫ਼ ਇੰਡੀਆ ਵਿੱਚ ਸੁਧਾਰ ਲਿਆਉਣ ਤੇ ਪੱਤਰਕਾਰ ਭਾਈਚਾਰੇ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਮੰਗ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਕੇ. ਸ੍ਰੀਨਿਵਾਸ ਰੈੱਡੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਲਗਪਗ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪੁੱਜੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁਲਕ ਵਿੱਚ ਗੈਰ-ਸਮਾਜੀ ਅਨਸਰਾਂ ਵੱਲੋਂ ਪੱਤਰਕਾਰਾਂ ਦਾ ਕਤਲ ਕਰਨ ਤੇ ਮੀਡੀਆ ਅਦਾਰਿਆਂ ਖ਼ਿਲਾਫ਼ ਕੇਸ ਦਰਜ ਕਰਨ ਸਬੰਧੀ ਕਾਰਵਾਈਆਂ ’ਤੇ ਰੋਸ ਪ੍ਰਗਟਾਇਆ ਗਿਆ। ਯੂਨੀਅਨ ਨੇ ਕਰੋਨਾ ਕਾਰਨ ਪੱਤਰਕਾਰਾਂ ਦੀਆਂ ਮੌਤਾਂ ’ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਅਧਿਕਾਰੀਆਂ ਤੋਂ ਕਤਲ ਕੀਤੇ ਗਏ ਪੰਜ ਪੱਤਰਕਾਰਾਂ ਦੇ ਕੇਸਾਂ ਦੀ ਜਾਂਚ ਤੇ ਪੀੜਤ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ। ਮੀਟਿੰਗ ਵਿੱਚ ਕੇਂਦਰ ਸਰਕਾਰ ਨੂੰ ਵਰਕਿੰਗ ਪੱਤਰਕਾਰਾਂ ਨੂੰ ਫਰੰਟਲਾਈਨ ਕਾਮੇ ਐਲਾਨਣ ਦੀ ਮੰਗ ਕੀਤੀ ਗਈ। ਯੂਨੀਅਨ ਵੱਲੋਂ ਵਰਕਿੰਗ ਜਰਨਲਿਸਟਸ ਐਕਟ ਵਿੱਚ ਸੋਧ ਕਰਨ ਦੀ ਮੰਗ ਵੀ ਕੀਤੀ ਗਈ। ਤੇਲੰਗਾਨਾ ਸਟੇਟ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ ਵੱਲੋਂ ਕਰਵਾਏ ਗਏ ਸਮਾਗਮ ’ਚ ਆਈਜੇਯੂ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੰਮੂ ਆਦਿ ਪੱਤਰਕਾਰ ਹਾਜ਼ਰ ਸਨ।