ਨਵੀਂ ਦਿੱਲੀ, 13 ਸਤੰਬਰ
ਮੁੱਖ ਅੰਸ਼
- ਜ਼ਰੂਰੀ ਦਵਾਈਆਂ ਦੀ ਕੌਮੀ ਸੂਚੀ ਵਿੱਚ 34 ਹੋਰ ਡਰੱਗਜ਼ ਤੇ ਵੈਕਸੀਨਾਂ ਸ਼ਾਮਲ
- ਰੈਨੀਟਾਈਡਿਨ ਤੇ ਸੁਕਰਾਲਫੇਟ ਸਣੇ 26 ਦਵਾਈਆਂ ਸੂਚੀ ’ਚੋਂ ਬਾਹਰ
ਕੈਂਸਰ ਦੇ ਇਲਾਜ ਵਿੱਚ ਸਹਾਈ ਕਈ ਦਵਾਈਆਂ, ਐਂਟੀਬਾਇਓਟਿਕਸ ਤੇ ਵੈਕਸੀਨਾਂ ਹੁਣ ਵਧੇਰੇ ਸਸਤੀਆਂ ਹੋਣਗੀਆਂ ਕਿਉਂਕਿ ਇਨ੍ਹਾਂ ਸਣੇ 34 ਹੋਰਨਾਂ ਦਵਾਈਆਂ ਨੂੰ ਜ਼ਰੂਰੀ ਦਵਾਈਆਂ ਦੀ ਕੌਮੀ ਸੂਚੀ (ਐੱਨਐੱਲਈਐੱਮ) ਵਿੱਚ ਸ਼ਾਮਲ ਕੀਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਇਸ ਪੇਸ਼ਕਦਮੀ ਨਾਲ ‘ਮਰੀਜ਼ਾਂ ਦੀ ਜੇਬ ’ਤੇ ਪੈਣ ਵਾਲਾ ਬੋਝ’ ਘਟੇਗਾ। ਲਾਗ ਤੋਂ ਬਚਾਅ ਲਈ ਦਵਾਈਆਂ ਜਿਵੇਂ ਇਵਰਮੈਸਟਿਨ, ਮੁਪੀਰੋਸਿਨ ਤੇ ਮੈਰੋਪੈਨਮ ਨੂੰ ਵੀ ਸੂਚੀ ਵਿੱਚ ਥਾਂ ਦਿੱਤੀ ਗਈ ਹੈ, ਜਿਸ ਨਾਲ ਜ਼ਰੂਰੀ ਦਵਾਈਆਂ ਦੀ ਸ਼੍ਰੇਣੀ ਵਿੱਚ ਆਉਣ ਵਾਲੀਆਂ ਡਰੱਗਜ਼ ਦੀ ਗਿਣਤੀ 384 ਹੋ ਗਈ ਹੈ। ਕੈਂਸਰ ਦੇ ਇਲਾਜ ਲਈ ਚਾਰ ਪ੍ਰਮੁੱਖ ਦਵਾਈਆਂ- ਬੈਂਡਾਮਸਟਿਨ ਹਾਈਡ੍ਰੋਕਲੋਰਾਈਡ, ਇਰਿਨੋਟੈਕਨ ਐੱਚਸੀਆਈ ਟ੍ਰਾਈਹਾਈਡਰੇਟ, ਲਿਨਾਲਿਡੋਮਾਈਡ ਤੇ ਲਿਉਪ੍ਰੋਲਾਈਡ ਐਸੀਟੇਟ, ਜੋ ਕੈਂਸਰ ਦੇ ਵੱਖ ਵੱਖ ਸਰੂਪਾਂ ’ਤੇ ਕਾਰਗਰ ਹੈ ਅਤੇ ਸਾਈਕੋਥੈਰਾਪਿਉਟਿਕ ਦਵਾਈਆਂ- ਨਿਕੋਟੀਨ ਰਿਪਲੇਸਮੈਂਟ ਥੈਰੇਪੀ ਤੇ ਬੁਪਰੇਨਾਰਫੀਨ ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਰੈਨੀਟਾਈਡਿਨ, ਸੁੁਕਰਾਲਫੇਟ, ਵ੍ਹਾਈਟ ਪੈਟਰੋਲੈਟਮ, ਐਟੇਨੋਲੋਲ ਤੇ ਮਿਥਾਈਲਡੋਪਾ ਨੂੰ ਪਿਛਲੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਹੈ। ਅਜਿਹਾ ਇਨ੍ਹਾਂ ਤੋਂ ਬਿਹਤਰ ਦਵਾਈਆਂ ਦੀ ਉਪਲਬਧਤਾ ਤੇ ਲਾਗਤ ਅਸਰ ਜਿਹੇ ਮਾਪਦੰਡਾਂ ਦੇ ਆਧਾਰ ’ਤੇ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਜ਼ਰੂਰੀ ਦਵਾਈਆਂ ਦੀ ਇਹ ਨਵੀਂ ਸੂਚੀ ਜਾਰੀ ਕਰਨ ਮਗਰੋਂ ਕੀਤੇ ਟਵੀਟ ਵਿੱਚ ਕਿਹਾ, ‘‘ਜ਼ਰੂਰੀ ਦਵਾਈਆਂ ਬਾਰੇ ਕੌਮੀ ਸੂਚੀ 2022 ਜਾਰੀ। ਇਸ ਵਿੱਚ 27 ਵਰਗਾਂ ਵਿੱਚ 384 ਦਵਾਈਆਂ ਸ਼ਾਮਲ ਹਨ। ਕਈ ਐਂਟੀਬਾਇਓਟਿਕਸ, ਵੈਕਸੀਨਾਂ, ਐਂਟੀ ਕੈਂਸਰ ਡਰੱਗਜ਼ ਤੇ ਕਈ ਹੋਰ ਅਹਿਮ ਦਵਾਈਆਂ ਹੁਣ ਵਧੇਰੇ ਕਿਫ਼ਾਇਤੀ ਹੋਣਗੀਆਂ ਤੇ ਮਰੀਜ਼ਾਂ ਦੀ ਜੇਬ ’ਤੇ ਪੈਂਦਾ ਬੋਝ ਘਟੇਗਾ।’’ ਮੰਡਾਵੀਆ ਨੇ ਕਿਹਾ ਕਿ ਐੱਨਐੱਲਈਐੱਮ ਦਾ ਮੁੱਢਲਾ ਮੰਤਵ ਤਿੰਨ ਅਹਿਮ ਪਹਿਲੂਆਂ- ਲਾਗਤ, ਸੁਰੱਖਿਆ ਤੇ ਅਸਰ ਨੂੰ ਧਿਆਨ ਵਿੱਚ ਰੱਖਦਿਆਂ ਦਵਾਈਆਂ ਦੀ ਤਰਕਸੰਗਤ ਵਰਤੋਂ ਦਾ ਪ੍ਰਚਾਰ ਪਾਸਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਐੱਨਐੱਲਈਐੱਮ ਗਤੀਸ਼ੀਲ ਦਸਤਾਵੇਜ਼ ਹੈ ਤੇ ਬਦਲਦੀਆਂ ਜਨ ਸਿਹਤ ਤਰਜੀਹਾਂ ਤੇ ਫਾਰਮਾਸਿਊਟਿਕਲ ਨਾਲ ਜੁੜੇ ਗਿਆਨ ਵਿੱਚ ਵਾਧੇ ਕਰਕੇ ਇਸ ਨੂੰ ਨਿਯਮਤ ਆਧਾਰ ’ਤੇ ਸੋਧਿਆ ਜਾਂਦਾ ਹੈ। ਐੱਨਐੱਲਈਐੱਮ 1996 ਵਿੱਚ ਤਿਆਰ ਕੀਤੀ ਗਈ ਸੀ ਤੇ ਹੁਣ ਤੱਕ ਇਸ ਨੂੰ ਤਿੰਨ ਵਾਰ 2003, 2011 ਤੇ 2015 ਵਿੱਚ ਸੋਧਿਆ ਜਾ ਚੁੱਕਾ ਹੈ। ਸੋਧੀ ਹੋਈ ਸੂਚੀ ਵਿੱਚ ਐਂਡੋਕਰਾਈਨ ਦਵਾਈਆਂ ਤੇ ਗਰਭ ਨਿਰੋਧਕ ਦਵਾਈਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ