ਮੁੰਬਈ, 18 ਜਨਵਰੀ
ਬੰਬੇ ਹਾਈ ਕੋਰਟ ਨੇ ਖੁਦਕੁਸ਼ੀ ਦੇ ਕੇਸਾਂ ਦੀ ਰਿਪੋਰਟਿੰਗ ਕਰਨ ਵੇਲੇ ਮੀਡੀਆ ਘਰਾਣਿਆਂ ਨੂੰ ਸੰਜਮ ਰੱਖਣ ਲਈ ਆਖਦਿਆਂ ਕਿਹਾ ਕਿ ਮੀਡੀਆ ਟ੍ਰਾਇਲ ਨਾਲ ਦਖ਼ਲ ਵਧਦਾ ਹੈ ਅਤੇ ਇਨਸਾਫ਼ ਦੀ ਪ੍ਰਕਿਰਿਆ ’ਚ ਅੜਿੱਕੇ ਖੜ੍ਹੇ ਹੁੰਦੇ ਹਨ। ਚੀਫ਼ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਜੀ ਐੱਸ ਕੁਲਕਰਨੀ ਦੇ ਬੈਂਚ ਨੇ ਕਿਹਾ ਕਿ ਰਿਪਬਲਿਕ ਟੀਵੀ ਅਤੇ ਟਾਈਮਜ਼ ਨਾਓ ਵੱਲੋਂ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੀਤੀ ਗਈ ਕੁਝ ਰਿਪੋਰਟਿੰਗ ‘ਇੱਜ਼ਤ ਹੱਤਕ’ ਵਾਲੀ ਸੀ। ਉਂਜ ਬੈਂਚ ਨੇ ਕਿਹਾ ਕਿ ਉਹ ਕਿਸੇ ਚੈਨਲ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰੇਗਾ। ਹਾਈ ਕੋਰਟ ਨੇ ਕਿਹਾ ਕਿ ਕਿਸੇ ਵੀ ਮੀਡੀਆ ਅਦਾਰੇ ਵੱਲੋਂ ਕੀਤੀ ਜਾਣ ਵਾਲੀ ਅਜਿਹੀ ਰਿਪੋਰਟਿੰਗ ਅਦਾਲਤੀ ਮਾਣਹਾਨੀ ਦੇ ਘੇਰੇ ’ਚ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਰਿਪੋਰਟ ਪੱਤਰਕਾਰੀ ਅਸੂਲਾਂ ਅਤੇ ਤੈਅ ਮਾਪਦੰਡਾਂ ਮੁਤਾਬਕ ਹੋਣੀ ਚਾਹੀਦੀ ਹੈ ਨਹੀਂ ਤਾਂ ਮੀਡੀਆ ਘਰਾਣਿਆਂ ਨੂੰ ਮਾਣਹਾਨੀ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਹਾਈ ਕੋਰਟ ਨੇ ਖੁਦਕੁਸ਼ੀ ਦੇ ਕੇਸਾਂ ਦੀ ਰਿਪੋਰਟਿੰਗ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਜ਼ਿਕਰਯੋਗ ਹੈ ਕਿ ਕੁਝ ਜਨਹਿੱਤ ਪਟੀਸ਼ਨਾਂ ’ਚ ਮੰਗ ਕੀਤੀ ਗਈ ਸੀ ਕਿ ਪ੍ਰੈੱਸ ਖਾਸ ਕਰਕੇ ਟੀਵੀ ਨਿਊਜ਼ ਚੈਨਲਾਂ ਨੂੰ ਸੁਸ਼ਾਂਤ ਦੀ ਮੌਤ ਤੋਂ ਬਾਅਦ ਰਿਪੋਰਟਿੰਗ ਤੋਂ ਰੋਕਿਆ ਜਾਵੇ ਜਿਸ ’ਤੇ ਪਿਛਲੇ ਸਾਲ 6 ਨਵੰਬਰ ਨੂੰ ਬੈਂਚ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। -ਪੀਟੀਆਈ