ਨਵੀਂ ਦਿੱਲੀ, 26 ਅਗਸਤ
ਗਣਿਤ ਅਧਿਆਪਕ ਮੁਹੰਮਦ ਫੈਜ਼ੀ ਨੂੰ ਮਾਰਚ ਤੋਂ ਬਾਅਦ ਤਨਖ਼ਾਹ ਨਹੀਂ ਮਿਲੀ ਤੇ ਉਹ ਆਪਣੀ ਦੋ ਧੀਆਂ ਦੀ ਸਕੂਲ ਫ਼ੀਸ ਭਰਨ ਤੋਂ ਵੀ ਅਸਮਰੱਥ ਹੈ। ਇਸ ਅਧਿਆਪਕ ਨੂੰ ਹੁਣ ਮਜਬੂਰੀ ਵੱਸ ਦਿੱਲੀ ਦੇ ਦਿਲਸ਼ਾਦ ਗਾਰਡਨ ’ਚ ਹਫ਼ਤਾਵਾਰੀ ਮਾਰਕੀਟ ’ਚ ਕੱਪੜੇ ਦੇ ਬੈਗ ਵੇਚਣੇ ਪੈ ਰਹੇ ਹਨ। ਅਜਿਹੇ ਬਾਜ਼ਾਰ ਲੌਕਡਾਊਨ ਕਾਰਨ ਮਾਰਚ ਤੋਂ ਬੰਦ ਸਨ ਪਰ ਹੁਣ ਸੋਮਵਾਰ ਤੋਂ ਦਿੱਲੀ ਸਰਕਾਰ ਨੇ ਦੁਬਾਰਾ ਖੋਲ੍ਹ ਦਿੱਤੇ ਹਨ। ਇਨ੍ਹਾਂ ਨੂੰ 30 ਅਗਸਤ ਤੱਕ ਟਰਾਇਲ ਅਧਾਰ ’ਤੇ ਖੋਲ੍ਹਿਆ ਗਿਆ ਹੈ। ਸ਼ਾਹਦਰਾ ਵਾਸੀ ਫ਼ੈਜ਼ੀ ਆਪਣੇ ਬਜ਼ੁਰਗ ਮਾਪਿਆਂ, ਪਤਨੀ ਤੇ ਦੋ ਧੀਆਂ ਨਾਲ ਦੋ ਕਮਰਿਆਂ ਦੇ ਮਕਾਨ ਵਿਚ ਰਹਿੰਦਾ ਹੈ। ਬੱਚੀਆਂ ਦੀ ਉਮਰ ਪੰਜ ਤੇ ਦਸ ਸਾਲ ਹੈ। 30 ਸਾਲਾ ਗਣਿਤ ਅਧਿਆਪਕ 6-8 ਜਮਾਤ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ’ਚ ਆਨਲਾਈਨ ਪੜ੍ਹਾਉਂਦਾ ਹੈ, ਪਰ ਲੌਕਡਾਊਨ ਮਗਰੋਂ ਉਹ ਬਿਨਾਂ ਤਨਖ਼ਾਹ ਲਏ ਪੜ੍ਹਾ ਰਿਹਾ ਹੈ। ਫ਼ੈਜ਼ੀ ਨੇ ਕਿਹਾ ਕਿ ਉਸ ਦੇ ਦੋਸਤਾਂ ਨੇ ਮਦਦ ਕੀਤੀ ਹੈ, ਪਰ ਉਹ ਹੋਰ ਨਹੀਂ ਲੈ ਸਕਦਾ। ਉਸ ਨੇ ਕਿਹਾ ਕਿ ਕਿਸੇ ਤਰ੍ਹਾਂ ਬਸ ਚੱਲ ਰਿਹਾ ਹੈ। ਧੀਆਂ ਨੂੰ ਉਹ ਖ਼ੁਦ ਪੜ੍ਹਾ ਰਿਹਾ ਹੈ। ਫ਼ੈਜ਼ੀ ਆਪਣੇ ਦੋਸਤਾਂ ਵੱਲੋਂ ਬਣਾਏ ਬੈਗ ਵੇਚਦਾ ਹੈ। ਉਨ੍ਹਾਂ ਉਸ ਨੂੰ ਕਿਹਾ ਹੈ ਕਿ ਉਹ ਵਿਕਰੀ ਤੋਂ ਬਾਅਦ ਮੁਨਾਫ਼ਾ ਰੱਖ ਸਕਦਾ ਹੈ। ਫ਼ੈਜ਼ੀ ਨੇ ਕਿਹਾ ਕਿ ਉਹ ਸਮਝਦਾ ਹੈ ਕਿ ਸਕੂਲ ਹਾਲੇ ਕੁਝ ਸਮਾਂ ਤਨਖ਼ਾਹ ਨਹੀਂ ਦੇ ਸਕਦਾ, ਕੋਵਿਡ ਕਾਰਨ ਕਈ ਪਰਿਵਾਰਾਂ ਦੀ ਨੌਕਰੀ ਚਲੀ ਗਈ ਹੈ। ਉਹ ਵੀ ਬੱਚਿਆਂ ਦੀ ਫ਼ੀਸ ਨਹੀਂ ਦੇ ਸਕੇ ਤੇ ਸਕੂਲਾਂ ਲਈ ਵੀ ਤਨਖ਼ਾਹ ਦੇਣੀ ਔਖੀ ਹੋ ਗਈ ਹੈ। ਅਧਿਆਪਕ ਨੇ ਕਿਹਾ ਕਿ ਉਹ ਦਿਨੇ ਪੜ੍ਹਾਉਣਾ ਜਾਰੀ ਰੱਖੇਗਾ ਤੇ ਸ਼ਾਮ ਨੂੰ ਗੁਜ਼ਾਰਾ ਕਰਨ ਲਈ ਕੁਝ ਨਾ ਕੁਝ ਕਰਦਾ ਰਹੇਗਾ। ਅਧਿਆਪਕ ਨੇ ਕਿਹਾ ਕਿ ਬੱਸ ਪਰਿਵਾਰ ਸੁਰੱਖਿਅਤ ਰਹੇ ਕਿਉਂਕਿ ਉਹ ਮੈਡੀਕਲ ਖ਼ਰਚਾ ਨਹੀਂ ਝੱਲ ਸਕਦਾ। -ਪੀਟੀਆਈ