ਗੁਹਾਟੀ/ ਸ਼ਿਲੌਂਗ/ ਜਲਪਾਈਗੁੜੀ, 28 ਅਪਰੈਲ
ਆਸਾਮ ਵਿਚ ਬੁੱਧਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤੇ ਰਿਕਟਰ ਪੈਮਾਨੇ ’ਤੇ ਇਨ੍ਹਾਂ ਦੀ ਸ਼ਿੱਦਤ 6.4 ਸੀ। ਇਸ ਨਾਲ ਉੱਤਰ-ਪੂਰਬੀ ਰਾਜ ਵਿਚ ਵਿਆਪਕ ਨੁਕਸਾਨ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਪੂਰੇ ਖੇਤਰ ਵਿੱਚ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਗੁਆਂਢੀ ਰਾਜ ਮੇਘਾਲਿਆ ਅਤੇ ਪੱਛਮੀ ਬੰਗਾਲ ਦੇ ਉੱਤਰੀ ਹਿੱਸੇ ਵੀ ਹਿੱਲੇ। ਉਨ੍ਹਾਂ ਦੱਸਿਆ ਕਿ ਭੂਚਾਲ ਸੋਨੀਤਪੁਰ ਜ਼ਿਲ੍ਹੇ ਵਿੱਚ ਸਵੇਰੇ 7.51 ਵਜੇ ਆਇਆ। ਇਸ ਤੋਂ ਬਾਅਦ ਸੱਤ ਵਜੇ 58 ਮਿੰਟ ਅਤੇ ਅੱਠ ਵਜੇ ਇਕ ਮਿੰਟ ‘ਤੇ ਭੂਚਾਲ ਦੇ ਦੋ ਹੋਰ ਝਟਕੇ ਆਏ। ਇਹ ਭੂਚਾਲ ਦੇ ਝਟਕੇ ਕ੍ਰਮਵਾਰ 4.3 ਅਤੇ 4.4 ਮਾਪ ਦੇ ਰਿਕਾਰਡ ਕੀਤੇ ਗਏ। ਖੇਤਰ ਵਿੱਚ ਇਸ ਕਾਰਨ ਲੋਕ ਡਰ ਗਏ ਤੇ ਘਰਾਂ ਤੋਂ ਬਾਹਰ ਆ ਗਏ। ਭੂਚਾਲ ਕਾਰਨ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ।