ਨਵੀਂ ਦਿੱਲੀ, 24 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਕਿਹਾ ਕਿ ਕੋਵਿਡ ਟੀਕਾਕਰਨ ਮੁਹਿੰਮ ਦੀ ਸਫ਼ਲਤਾ ਨੇ ਕੁੱਲ ਆਲਮ ਨੂੰ ਭਾਰਤ ਦੀ ਸਮਰੱਥਾ ਵਿਖਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੌ ਕਰੋੜ ਵੈਕਸੀਨ ਖੁਰਾਕਾਂ ਦੇਣ ਦੇ ਮੀਲਪੱਥਰ ਨੂੰ ਪੂਰਾ ਕਰਨ ਮਗਰੋਂ ਦੇਸ਼ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ। ਸ੍ਰੀ ਮੋਦੀ ਨੇ ਸਿਹਤ ਸੰਭਾਲ ਨਾਲ ਜੁੜੇ ਵਰਕਰਾਂ ਵੱਲੋਂ ਇਸ ਮੀਲਪੱਥਰ ਵਿੱਚ ਪਾਏ ਯੋਗਦਾਨ ਲਈ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਦੇਸ਼ ਦੇ ਲੋਕਾਂ ਦੇ ਟੀਕਾਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਟੀਕਾਕਰਨ ਮੁਹਿੰਮ ਦੀ ਸਫ਼ਲਤਾ ਨੇ ਭਾਰਤ ਦੀ ਸਮਰੱਥਾ ਤੇ ‘ਸਾਰਿਆਂ ਦੀ ਸਾਂਝੀ ਕੋਸ਼ਿਸ਼’ ਦੀ ਤਾਕਤ ਦੇ ਮੰਤਰ ਨੂੰ ਵਿਖਾ ਦਿੱਤਾ ਹੈ। ਅਗਾਮੀ ਤਿਉਹਾਰਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ‘ਵੋਕਲ ਫਾਰ ਲੋਕਲ’ ਦੀ ਵਕਾਲਤ ਕਰਦਿਆਂ ਲੋਕਾਂ ਨੂੰ ਭਾਰਤ ਵਿੱਚ ਬਣਿਆ ਸਾਜ਼ੋ ਸਾਮਾਨ ਹੀ ਖਰੀਦਣ ਦੀ ਅਪੀਲ ਕੀਤੀ। ਸ੍ਰੀ ਮੋਦੀ ਨੇ ਪੁਲੀਸ ਅਮਲੇ ਵਿੱਚ ਮਹਿਲਾਵਾਂ ਦੀ ਨਫ਼ਰੀ ਵਧਣ ਦੀ ਵੀ ਤਾਰੀਫ਼ ਕੀਤੀ। -ਪੀਟੀਆਈ