ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਭਬਾਨੀਪੁਰ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਜ਼ਿਮਨੀ ਚੋਣ ਲੜਨਗੇ। ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਇਹ ਚੋਣ 30 ਸਤੰਬਰ ਨੂੰ ਕਰਵਾਈ ਜਾਵੇਗੀ। ਪੱਛਮੀ ਬੰਗਾਲ ਵਿੱਚ ਦੋ ਵਿਧਾਨ ਸਭਾ ਸੀਟਾਂ ਤੇ ਉੜੀਸਾ ਵਿੱਚ ਇਕ ਸੀਟ ਲਈ ਵੋਟਾਂ 30 ਸਤੰਬਰ ਨੂੰ ਪੈਣਗੀਆਂ। ਪੱਛਮੀ ਬੰਗਾਲ ਵਿੱਚ ਸਮਸ਼ੇਰਗੰਜ ਤੇ ਜੰਗੀਰਪੁਰ ਅਤੇ ਉੜੀਸਾ ਵਿੱਚ ਪੀਪਲੀ ਸੀਟ, ਉਮੀਦਵਾਰਾਂ ਦੇ ਦੇਹਾਂਤ ਕਾਰਨ ਖ਼ਾਲੀ ਪਈਆਂ ਸਨ। ਜ਼ਿਮਨੀ ਚੋਣਾਂ ਦੇ ਐਲਾਨ ਮਗਰੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੁੱਖ ਦਾ ਸਾਹ ਲਿਆ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਸੀਟਾਂ ਲਈ ਵੋਟਾਂ ਦੀ ਗਿਣਤੀ 3 ਅਕਤੂਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਚਾਅ ਲਈ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਗੀ। ਭਬਾਨੀਪੁਰ ਜ਼ਿਮਨੀ ਚੋਣ ਰਾਹੀਂ ਮਮਤਾ ਬੈਨਰਜੀ ਨੂੰ ਸੂਬੇ ਦੀ ਵਿਧਾਨ ਸਭਾ ਦੀ ਮੈਂਬਰ ਬਣਨ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਨੰਦੀਗ੍ਰਾਮ ਸੀਟ, ਭਾਜਪਾ ਦੇ ਸੁਵੇਂਦੂ ਅਧਿਕਾਰੀ ਤੋਂ ਹਾਰ ਗਈ ਸੀ। ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਹੁਣ ਅਧਿਕਾਰੀ ਵਿਰੋਧੀ ਧਿਰ ਦਾ ਆਗੂ ਹੈ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਬਾਨੀਪੁਰ ਵਿਧਾਨ ਸਭਾ ਹਲਕੇ ਤੋਂ ਟੀਐਮਸੀ ਵਿਧਾਇਕ ਸੋਵੇਨਦੇਬ ਚਟੋਪਾਧਿਆਏ ਨੇ ਬੈਨਰਜੀ ਨੂੰ ਜਿਤਾਉਣ ਲਈ ਸੀਟ ਖ਼ਾਲੀ ਕਰ ਦਿੱਤੀ ਸੀ। 2011 ਤੋਂ ਬੈਨਰਜੀ ਇਸ ਸੀਟ ਤੋਂ ਦੋ ਵਾਰ ਚੋਣ ਜਿੱਤ ਚੁੱਕੀ ਹੈ। ਇਸੇ ਦੌਰਾਨ ਮਮਤਾ ਨੇ ਦੋਸ਼ ਲਾਇਆ ਕਿ ਭਾਜਪਾ ਚੋਣ ਅਮਲ ਵਿੱਚ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕਰ ਰਹੀ ਸੀ। ਸੂਬਾਈ ਮੰਤਰੀ ਫਿਰਹਾਦ ਹਾਕਿਮ ਨੇ ਕਿਹਾ,‘ਸੰਵਿਧਾਨਕ ਨੇਮਾਂ ਦੇ ਆਧਾਰ ’ਤੇ ਜ਼ਿਮਨੀ ਚੋਣਾਂ ਜ਼ਰੂਰੀ ਸਨ ਪਰ ਭਾਜਪਾ ਸੌੜੇ ਸਿਆਸੀ ਹਿੱਤਾਂ ਲਈ ਚੋਣ ਅਮਲ ਰੁਕਵਾਉਣ ਦੀ ਕੋਸ਼ਿਸ਼ ਕਰ ਰਹੀ ਸੀ।’ ਉਨ੍ਹਾਂ ਕਿਹਾ ਕਿ ਉਹ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ ਤੇ ਉਹ ਕੋਵਿਡ ਤੋਂ ਬਚਾਅ ਨੇਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ। ਦੂਜੇ ਪਾਸੇ ਭਾਜਪਾ ਦੇ ਸੂਬਾਈ ਪ੍ਰਧਾਨ ਦਿਲੀਪ ਘੋਸ਼ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਸ਼ਹਿਰੀ ਸਥਾਨਕ ਇਕਾਈਆਂ ਦੀਆਂ ਚੋਣਾਂ ਕਿਉਂ ਲਟਕਾਈਆਂ ਜਾ ਰਹੀਆਂ ਹਨ ਜਦੋਂ ਕਿ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਸੀਪੀਆਈ (ਐੱਮ) ਦੇ ਕੇਂਦਰੀ ਕਮੇਟੀ ਮੈਂਬਰ ਸੁਜਨ ਚੱਕਰਵਤੀ ਨੇ ਕਿਹਾ ਕਿ ਉਹ ਤਿੰਨ ਸੀਟਾਂ ’ਤੇ ਜ਼ਿਮਨੀ ਚੋਣ ਕਰਾਉਣ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹਨ ਪਰ ਉਹ ਇਹ ਜਾਣਨਾ ਚਾਹੁੰਦੇ ਹਨ ਕਿ ਹੋਰ ਚਾਰ ਸੀਟਾਂ ’ਤੇ ਚੋਣ ਅਮਲ ਕਿਉਂ ਰੋਕਿਆ ਗਿਆ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਦੀਪ ਭੱਟਾਚਾਰੀਆ ਨੇ ਵੀ ਫ਼ੈਸਲੇ ਦਾ ਸਵਾਗਤ ਕੀਤਾ ਹੈ। -ਪੀਟੀਆਈ