ਕੋਲਕਾਤਾ, 8 ਜੁਲਾਈ
ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਦਾ ਮੰਨਣਾ ਹੈ ਕਿ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੂੰ ਵੱਡੇ ਪੱਧਰ ’ਤੇ ਧਰੁਵੀਕਰਨ ਵਾਲੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਮਤ ਨਾਲ ਫਾਇਦਾ ਮਿਲਿਆ ਹੈ ਅਤੇ ਉਹ ਇਕੱਲੀ ‘ਮੋਦੀ ਵਿਰੋਧੀ ਚਿਹਰਾ’ ਨਹੀਂ ਹੈ ਜੋ ਅਗਾਮੀ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਮੁਕਾਬਲਾ ਕਰ ਸਕੇ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੋਧੀ ਗੱਠਜੋੜ ਦੀਆਂ ਸੰਭਾਵਨਾਵਾਂ ਬਾਰੇ ਕਾਂਗਰਸੀ ਨੇਤਾ ਚੌਧਰੀ ਨੇ ਕਿਹਾ ਕਿ ਕਾਂਗਰਸ ਦੀ ਮਦਦ ਤੋਂ ਬਿਨਾਂ ਕੋਈ ਵੀ ਵਿਰੋਧੀ ਮੋਰਚਾ ਸਫਲ ਨਹੀਂ ਹੋ ਸਕਦਾ। ਇੱਕ ਇੰਟਰਵਿਊ ਦੌਰਾਨ ਚੌਧਰੀ ਨੇ ਕਿਹਾ, ਫਿਰਕੂ ਬਿਆਨਬਾਜ਼ੀ ਅਤੇ ਭਾਜਪਾ ਨੇਤਾਵਾਂ ਦੀ ਡਰਾਉਣ ਧਮਕਾਉਣ ਵਾਲੀ ਰਾਜਨੀਤੀ ਨਾਲ ਹੀ ਮਮਤਾ ਬੈਨਰਜੀ ਨੂੰ ਫਾਇਦਾ ਮਿਲਿਆ। -ਪੀਟੀਆਈ